ਸ੍ਰੀ ਹਰਿਗੋਬਿੰਦਪੁਰ, 23 ਦਸੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਸਾਥੀ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਐੱਸ.ਸੀ. ਸੈੱਲ. ਪੰਜਾਬ ਦੇ ਉੱਪ ਚੇਅਰਮੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਕਾਂਗਰਸ ਦੇ ਪ੍ਰਦਰਸ਼ਨ ਤੇ ਕਾਂਗਰਸ ਦੇ ਉਮੀਦਵਾਰਾਂ ਦੀ ਜੋ ਹਾਰ ਹੋਈ ਹੈ, ਉਸ ਦੇ ਪਿੱਛੇ ਦੇ ਵੱਡੇ ਕਾਰਨ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ | ਪਿ੍ੰਸੀਪਲ ਸੁਲੱਖਣ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਅਧੀਨ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਜ਼ੋਨ ਚੀਮਾ, ਘੁਮਾਣ, ਹਰਚੋਵਾਲ ਅਤੇ ਪੰਜਗਰਾਈਆਂ ਆਉਂਦੇ ਹਨ | ਇਸ ਤੋਂ ਇਲਾਵਾ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਅਧੀਨ ਬਲਾਕ ਸੰਮਤੀ ਦੇ 19 ਜ਼ੋਨ ਅਤੇ ਕਾਦੀਆਂ ਹਲਕੇ 'ਚ 17 ਜ਼ੋਨ ਆਉਂਦੇ ਹਨ | ਉਨ੍ਹਾਂ ਕਿਹਾ ਕਿ ਉਕਤ ਚੋਣਾਂ ਦਾ ਐਲਾਨ ਹੋਣ ਪਿੱਛੋਂ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਮੇਰੇ ਧੜੇ ਨਾਲ ਸੰਬਧ ਰੱਖਣ ਵਾਲੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਸੰਮਤੀਆਂ ਦੇ 15 ਜ਼ੋਨਾਂ ਤੋਂ ਕਾਂਗਰਸ ਪਾਰਟੀ ਵਲੋਂ ਟਿਕਟਾਂ ਦੇਣ ਤੇ ਦੂਸਰੇ ਧੜੇ ਦੇ ਚਾਹਵਾਨ ਉਮੀਦਵਾਰਾਂ ਨੂੰ 21 ਜ਼ੋਨਾਂ ਤੋਂ ਟਿਕਟਾਂ ਦੇਣ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਜ਼ੋਨਾਂ ਦੀਆਂ ਟਿਕਟਾਂ ਉਨ੍ਹਾਂ ਦੇ ਧੜੇ ਨੂੰ ਤੇ ਇਕ ਜ਼ੋਨ ਦੀ ਟਿਕਟ ਸਾਡੇ ਧੜੇ ਨੂੰ ਦੇਣ ਦਾ ਫ਼ੈਸਲਾ ਕਰਵਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਪਰ ਦੂਸਰਾ ਧੜਾ ਉਸ ਫ਼ੈਸਲੇ ਤੋਂ ਮੌਕੇ 'ਤੇ ਆ ਕੇ ਪਲਟ ਗਿਆ ਤੇ 5 ਦਸੰਬਰ ਨੂੰ ਇਨ੍ਹਾਂ ਨੇ ਫਿਰ ਦੁਬਾਰਾ ਕਾਂਗਰਸ ਪਾਰਟੀ ਕੋਲੋਂ ਸਿੱਧੀ ਹਲਕੇ ਦੇ ਮੌਜੂਦਾ ਚੋਣ ਅਧਿਕਾਰੀ (ਆਰ.ਓ.) ਨੂੰ ਲੈਟਰ ਜਾਰੀ ਕਰਵਾ ਲਈ, ਜਿਸ ਕਾਰਨ ਇਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਪਾਰਟੀ ਦਾ ਚੋਣ ਨਿਸ਼ਾਨ ਹੱਥ (ਪੰਜਾ) ਮਿਲ ਗਿਆ ਸੀ, ਜੋ ਕਿ ਵੰਡ ਸਹੀ ਨਹੀਂ ਹੋਈ ਸੀ, ਜਿਸ ਕਾਰਨ ਸਾਡੇ ਧੜੇ ਦੇ ਚੋਣਾਂ ਲੜਨ ਵਾਲੇ ਚਾਹਵਾਨ ਉਮੀਦਵਾਰ ਨਿਰਾਸ਼ ਹੋ ਗਏ ਤੇ ਉਨ੍ਹਾਂ ਵਿਚ ਰੋਸ ਪੈਦਾ ਹੋ ਗਿਆ | ਉਨ੍ਹਾਂ ਦੱਸਿਆ ਕਿ ਜੇਕਰ ਦੂਸਰਾ ਧੜਾ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਕਰਵਾਏ ਗਏ ਫ਼ੈਸਲੇ 'ਤੇ ਸਥਿਰ ਰਹਿੰਦਾ ਤਾਂ ਸ੍ਰੀ ਹਰਿਗੋਬਿੰਦਪੁਰ ਬਲਾਕ ਸੰਮਤੀ ਉੱਪਰ ਕਾਂਗਰਸ ਦਾ ਕਬਜ਼ਾ ਹੋਣਾ ਸੀ ਤੇ ਕਾਦੀਆਂ ਬਲਾਕ ਸੰਮਤੀ ਵਿਚ ਵੀ ਕਾਂਗਰਸ ਦੇ 17 ਜ਼ੋਨਾਂ ਤੋਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕਰਨੀ ਸੀ ਤੇ ਇਸੇ ਵਜ਼੍ਹਾ ਦੇ ਕਾਰਨ ਹੀ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਕੋਈ ਸੀਟ ਨਹੀਂ ਜਿੱਤ ਸਕੀ |