ਕਾਦੀਆਂ, 23 ਦਸੰਬਰ (ਹਰਦੀਪ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਰੋਜ਼ਾਨਾ ਹੀ ਚੋਟੀ ਦੀਆਂ ਸੜਕਾਂ ਬਣਾਉਣ ਤੇ ਪੁਰਾਣੀਆਂ ਸੜਕਾਂ ਦੀ ਮਰੰਮਤ ਕਰਨ ਦੇ ਦਾਅਵੇ ਕੀਤੇ ਰਹੇ ਹਨ ਪਰ ਜੇਕਰ ਹਕੀਕਤ ਵੇਖੀਏ ਤਾਂ ਪੁਰਾਣੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਤੇ ਜਿਹੜੀਆਂ ਨਵੀਆਂ ਸੜਕਾਂ ਕੁਝ ਸਮਾਂ ਪਹਿਲਾਂ ਬਣੀਆਂ ਹਨ, ਉਨ੍ਹਾਂ ਉੱਪਰ ਚਿੱਟੀ ਪੱਟੀ ਤੇ ਰਿਫਲੈਕਟਰ ਨਹੀਂ ਲਗਾਏ ਗਏ ਹਨ ਜਿਨ੍ਹਾਂ ਦੇ ਚਲਦਿਆਂ ਸੜਕਾਂ ਉੱਤੇ ਚੱਲਣ ਵਾਲੇ ਰਾਹਗੀਰਾਂ ਵਾਹਨ ਚਾਲਕਾਂ ਨੂੰ ਧੁੰਦ ਦੇ ਸਮੇਂ 'ਚ ਹਾਦਸੇ ਵਾਪਰ ਰਹੇ ਨੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਲਾਧੂਪੁਰ, ਜਤਿੰਦਰ ਸਿੰਘ ਲਾਧੂਪੁਰ, ਬਲਰਾਜ ਸਿੰਘ ਸੈਦਪੁਰ ਹਾਰਨੀ ਨੇ ਕਰਦਿਆਂ ਕਿਹਾ ਕਿ ਬਟਾਲਾ-ਕਾਦੀਆਂ, ਬਟਾਲਾ ਤੋਂ ਸਠਿਆਲੀ ਪੁਲ ਜਾਂ ਫਿਰ ਬਟਾਲਾ ਤੋਂ ਹੋਰ ਪਾਸੇ ਨੂੰ ਜਾਣ ਵਾਲੀਆਂ ਸੜਕਾਂ ਤੇ ਪਿੰਡਾਂ ਦੀਆਂ ਬਹੁਤ ਸਾਰੀਆਂ ਸੜਕਾਂ ਉੱਪਰ ਚਿੱਟੀ ਪੱਟੀ ਨਹੀਂ ਲਗਾਈ ਗਈ ਹੈ ਜਿਸ ਕਾਰਨ ਧੁੰਦ ਵਿਚ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ | ਇਸ ਤੋਂ ਇਲਾਵਾ ਲੋਕਾਂ ਨੂੰ ਦਿਨ ਡੁੱਬਣ ਤੋਂ ਪਹਿਲਾਂ ਹੀ ਘਰਾਂ ਵਿਚ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸੜਕਾਂ ਉੱਪਰ ਚੱਲਣ ਮੌਕੇ ਰਾਤ ਜਾਂ ਧੁੰਦ ਦੇ ਸਮੇਂ ਇਹ ਚਿੱਟੀ ਪੱਟੀ ਹੀ ਹਰੇਕ ਆਉਣ-ਜਾਣ ਵਾਲੇ ਲਈ ਲਾਈਫ ਲਾਈਨ ਹੁੰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ |