ਤਾਰਾਗੜ੍ਹ, 24 ਦਸੰਬਰ (ਸੋਹਨ ਲਾਲ)- ਹਲਕਾ ਭੋਆ ਦੇ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਲਦਪਾਲਵਾਂ ਦੇ ਖੇਡ ਮੈਦਾਨ ਵਿਚ ਖ਼ਾਲਸਾ ਹਾਕੀ ਕਲੱਬ ਵਲੋਂ 29ਵਾਂ ਸਾਲਾਨਾ ਅੰਡਰ-14 ਅਤੇ 45 ਪਲੱਸ ਓਪਨ ਹਾਕੀ ਟੂਰਨਾਮੈਂਟ ਕਲੱਬ ਪ੍ਰਧਾਨ ਰਮੇਸ਼ ਬਾਬਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਵਿਸ਼ੇਸ਼ ਤੌਰ 'ਤੇ ਕਾਂਗਰਸੀ ਆਗੂ ਗੁਰਨਾਮ ਸਿੰਘ ਛੀਨਾ, ਸਾਬਕਾ ਬਲਾਕ ਪ੍ਰਧਾਨ ਸਤਿੰਦਰ ਫਿੰਕਾ, ਪਿ੍ੰਸੀਪਲ ਕਪੂਰ ਸਿੰਘ, ਕਰਨੈਲ ਸਿੰਘ ਫ਼ੌਜੀ ਅਤੇ ਦਰਸ਼ਨ ਸਿੰਘ ਰਕਵਾਲ ਹਾਜ਼ਰ ਹੋਏ | ਮੁੱਖ ਮਹਿਮਾਨ ਜੋਗਿੰਦਰ ਪਾਲ ਨੇ ਰਿਬਨ ਕੱਟ ਕੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ | ਕਲੱਬ ਦੇ ਕੋਚ ਹੁਕਮ ਸਿੰਘ ਨੇ ਦੱਸਿਆ ਕਿ ਖ਼ਾਲਸਾ ਹਾਕੀ ਕਲੱਬ ਵਲੋਂ ਅੰਡਰ-14 ਤੇ 45 ਪਲੱਸ ਖਿਡਾਰੀਆਂ ਦੇ ਮੁਕਾਬਲੇ ਨਾਕ ਆਊਟ ਪ੍ਰਣਾਲੀ ਅਧੀਨ ਕਰਵਾਏ ਗਏ | ਪਹਿਲਾਂ ਅੰਡਰ-14 ਦਾ ਫਾਈਨਲ ਮੈਚ ਤੰਗੋਸ਼ਾਹ ਸਪੋਰਟਸ ਕਲੱਬ ਤੇ ਖ਼ਾਲਸਾ ਸਪੋਰਟਸ ਕਲੱਬ ਲਦਪਾਲਵਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਤੰਗੋਸ਼ਾਹ ਸਪੋਰਟਸ ਕਲੱਬ ਨੇ 1-0 ਨਾਲ ਜਿੱਤ ਦਰਜ ਕੀਤੀ | 45 ਪਲੱਸ ਵਰਗ ਦਾ ਫਾਈਨਲ ਮੈਚ ਬੇਗੋਵਾਲ-ਤਾਰਾਗੜ੍ਹ ਸਪੋਰਟਸ ਕਲੱਬ ਤੇ ਬਾਬਾ ਸ੍ਰੀ ਚੰਦ ਜੀ ਹਾਕੀ ਕਲੱਬ ਸੁਜਾਨਪੁਰ ਵਿਚਕਾਰ ਹੋਇਆ | ਮੈਚ ਦੇ ਪਹਿਲੇ ਹਾਫ਼ ਵਿਚ ਹੀ ਤਾਰਾਗੜ੍ਹ ਸਪੋਰਟਸ ਕਲੱਬ ਨੇ 1-0 ਦੀ ਬੜ੍ਹਤ ਬਣਾ ਲਈ | ਦੂਜੇ ਹਾਫ਼ 'ਚ ਤਾਰਾਗੜ੍ਹ ਸਪੋਰਟਸ ਕਲੱਬ ਦੇ ਕਪਤਾਨ ਅਰੁਣ ਨੇ ਦੂਜਾ ਫ਼ੀਲਡ ਗੋਲ ਕਰਕੇ ਟੀਮ ਨੂੰ 2-0 ਨਾਲ ਜਿੱਤ ਦਿਵਾਈ ਅਤੇ ਟਰਾਫ਼ੀ 'ਤੇ ਕਬਜ਼ਾ ਕਰ ਲਿਆ | ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਤੇ ਪ੍ਰਬੰਧਕ ਕਮੇਟੀ ਵਲੋਂ ਇਨਾਮੀ ਰਕਮ ਤੇ ਆਕਰਸ਼ਕ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵੱਲੋਂ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੁਕਮ ਸਿੰਘ, ਦਲਜੀਤ ਸਿੰਘ, ਰਣਜੋਤ ਸਿੰਘ, ਗੁਰਬਖ਼ਸ਼ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਨਰਿੰਦਰ ਕੁਮਾਰ, ਗੁਲਸ਼ਨ ਕੁਮਾਰ, ਗੁਰਨਾਮ ਸਿੰਘ, ਜੋਨੀ ਕੁਮਾਰ, ਦਵਿੰਦਰ ਕੁਮਾਰ, ਲਵਲੀ ਕੁਮਾਰ ਆਦਿ ਹਾਜ਼ਰ ਸਨ |