26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਿਗੜਦੀ ਕਾਨੂੰਨ ਵਿਵਸਥਾ ਖ਼ਿਲਾਫ਼ ਐੱਸ. ਐੱਸ. ਪੀ. ਦਫ਼ਤਰ ਦਾ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 30-12-2025
ਗੁਰਦਾਸਪੁਰ, 29 ਦਸੰਬਰ (ਗੁਰਪ੍ਰਤਾਪ ਸਿੰਘ)-ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਗੁਰਦਾਸਪੁਰ ਸ਼ਹਿਰ 'ਚ ਹਾਲ ਹੀ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਯੂਥ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ 'ਚ ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਤੋਂ ਪਹਿਲਾਂ ਯੂਥ ਕਾਂਗਰਸ ਦੇ ਵਰਕਰ ਕਾਂਗਰਸ ਭਵਨ ਵਿਖੇ ਇਕੱਠੇ ਹੋਏ ਤੇ ਸ਼ਹਿਰ ਅੰਦਰ ਪ੍ਰਦਰਸ਼ਨ ਕਰਨ ਤੋਂ ਬਾਅਦ ਐੱਸ.ਐੱਸ.ਪੀ. ਦਫ਼ਤਰ ਪਹੁੰਚੇ | ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ ਕਾਨੂੰਨ ਵਿਵਸਥਾ 'ਚ ਤੁਰੰਤ ਸੁਧਾਰ ਅਤੇ ਗੁਰਦਾਸਪੁਰ ਸਿਟੀ ਪੁਲਿਸ ਸਟੇਸ਼ਨ 'ਤੇ ਹਾਲ ਹੀ ਵਿਚ ਹੋਏ ਗ੍ਰਨੇਡ ਹਮਲੇ 'ਚ ਜ਼ਖਮੀ ਹੋਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ | ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਪਿਛਲੇ ਚਾਰ ਸਾਲਾ ਵਿਚ ਪੰਜਾਬ ਨੇ ਬਹੁਤ ਸਾਰੇ ਚੰਗੇ ਖਿਡਾਰੀ, ਗਾਇਕ ਅਤੇ ਕਾਰੋਬਾਰੀ ਗੁਆ ਦਿੱਤੇ ਹਨ | ਜੇਕਰ ਹਾਲਾਤ ਇਹੀ ਰਹੇ ਤਾਂ ਭਵਿੱਖ ਵਿਚ ਵੱਡੇ ਕਾਰੋਬਾਰ ਪੰਜਾਬ ਤੋਂ ਪਲਾਇਨ ਕਰ ਜਾਣਗੇ | ਜਦੋਂ ਕਿ ਚੰਗੇ ਖਿਡਾਰੀ ਅਤੇ ਗਾਇਕ ਪਹਿਲਾਂ ਹੀ ਹੋਰ ਥਾਵਾਂ 'ਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਹਨ, ਪਰ ਹੁਣ ਉਹ ਆਪਣੇ ਨਾਲ ਧੋਖਾ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਿਰਫ਼ ਇਕ ਚੰਗੀ ਸਰਕਾਰ ਜਾਂ ਸੰਗਠਨ ਹੀ ਚੰਗਾ ਸ਼ਾਸਨ ਪ੍ਰਦਾਨ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਉਹੀ ਅਧਿਕਾਰੀ, ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ, ਹੁਣ ਸਰਕਾਰ ਦੇ ਕੰਟਰੋਲ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਸੱਤਾ ਪ੍ਰਾਪਤ ਕਰਨਾ ਆਸਾਨ ਹੈ, ਪਰ ਇਸ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕ ਚੰਗੇ ਕਲਾਕਾਰ ਸਨ ਅਤੇ ਇਕ ਚੰਗਾ ਮੰਚ ਚਲਾਉਂਦੇ ਹਨ | ਪਰ ਰਾਜ ਚਲਾਉਣਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਮੰਗ ਕੀਤੀ ਕਿ ਡੀ.ਜੀ.ਪੀ ਉਨ੍ਹਾਂ ਅਧਿਕਾਰੀਆਂ ਦੀ ਬਦਲੀ ਕਰਨ ਜੋ ਲੰਬੇ ਸਮੇਂ ਤੋਂ ਇੱਕੋ ਅਹੁਦੇ 'ਤੇ ਤਾਇਨਾਤ ਹਨ ਤਾਂ ਜੋ ਇਸ ਨੈੱਟਵਰਕ ਨੂੰ ਤੋੜਿਆ ਜਾ ਸਕੇ | ਉਨ੍ਹਾਂ ਦਾਅਵਾ ਕੀਤਾ ਕਿ ਕੁਝ ਅਧਿਕਾਰੀਆਂ ਦੇ ਗੈਂਗਸਟਰਾਂ ਨਾਲ ਸੰਬੰਧ ਹਨ, ਜੋ ਭਵਿੱਖ ਵਿਚ ਬੇਨਕਾਬ ਹੋਣਗੇ | ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵਲੋਂ ਕੀਤਾ ਗਿਆ ਇਹ ਪ੍ਰਦਰਸ਼ਨ ਸਿਰਫ਼ ਇਕ ਛੋਟਾ ਜਿਹਾ ਟਰੇਲਰ ਹੈ, ਪਰ ਜੇਕਰ ਪੁਲਿਸ ਪ੍ਰਸ਼ਾਸਨ ਆਪਣੇ ਕੰਮਕਾਜ ਵਿਚ ਸੁਧਾਰ ਨਹੀਂ ਕਰਦਾ ਹੈ ਤਾਂ ਭਵਿੱਖ ਵਿਚ ਵੱਡੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ | ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਪੁਲਿਸ ਦੀਆਂ ਨਾਕਾਮੀਆਂ ਜਨਤਾ ਤੱਕ ਨਾ ਪਹੁੰਚ ਸਕਣ | ਉਨ੍ਹਾਂ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਪੁਲਿਸ ਖ਼ੁਦ ਦੁਕਾਨਾਂ ਬੰਦ ਕਰਕੇ ਲੋਕਾਂ ਵਿਚ ਡਰ ਵਧਾ ਰਹੀ ਹੈ | ਉਨ੍ਹਾਂ ਕਿਹਾ ਕਿ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਛੀਨਾ ਰੇਲਵਾਲਾ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੇ ਡੀ. ਸੀ. ਦਫ਼ਤਰ ਸਾਹਮਣੇ ਦਿੱਤਾ ਧਰਨਾ
Ad Position 24