ਪਠਾਨਕੋਟ, 29 ਦਸੰਬਰ (ਆਸ਼ੀਸ਼ ਸ਼ਰਮਾ, ਸੰਧੂ)-ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜੁਆਇੰਟ ਮੁੱਖ ਚੋਣ ਅਫ਼ਸਰ ਪੰਜਾਬ ਸਕੱਤਰ ਸਿੰਘ ਬੱਲ ਵਲੋਂ ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਵੋਟਿੰਗ ਮਸ਼ੀਨਾਂ/ਵੀ.ਵੀ.ਪੈਟਜ਼ ਦੇ ਜ਼ਿਲ੍ਹਾ ਪੱਧਰੀ ਵੇਅਰ ਹਾਊਸ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਯੋਗੇਸ਼ ਸਿੰਘ, ਜ਼ਿਲ੍ਹਾ ਚੋਣ ਦਫ਼ਤਰ ਦੇ ਅਮਲੇ ਤੋਂ ਇਲਾਵਾ ਹੋਰ ਅਧਿਕਾਰੀ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ | ਵੋਟਿੰਗ ਮਸ਼ੀਨਾਂ ਦੇ ਵੇਅਰ ਹਾਊਸ ਦੇ ਅੰਦਰੂਨੀ ਨਿਰੀਖਣ ਦੌਰਾਨ ਜੁਆਇੰਟ ਮੁੱਖ ਚੋਣ ਅਫ਼ਸਰ ਪੰਜਾਬ ਸਕੱਤਰ ਸਿੰਘ ਬੱਲ ਨੇ ਈ.ਵੀ.ਐਮਜ਼. ਵੇਅਰ ਹਾਊਸ ਦੀ ਲਾਗ ਬੁੱਕ ਚੈਕ ਕਰਨ ਦੇ ਨਾਲ ਸਟਾਕ ਰਜਿਸਟਰ ਦੀ ਜਾਂਚ ਵੀ ਕੀਤੀ | ਇਸ ਮੌਕੇ ਉਨ੍ਹਾਂ ਵਲੋਂ ਵੇਅਰ ਹਾਊਸ ਵਿਚ ਲਗਾਏ ਅੱਗ ਬੁਝਾਊ ਯੰਤਰਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਵੀ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਚੈਕਿੰਗ ਕੀਤੀ | ਉਨ੍ਹਾਂ ਕਿਹਾ ਕਿ ਵੇਅਰ ਹਾਊਸ ਵਿਚ ਵੋਟਿੰਗ ਮਸ਼ੀਨਾਂ ਦੇ ਰੱਖ-ਰਖਾਅ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਨਾ ਕੀਤੀ ਜਾ ਰਹੀ ਹੈ, ਜਿਸ ਦੀ ਉਨ੍ਹਾਂ ਵਲੋਂ ਸ਼ਲਾਘਾ ਵੀ ਕੀਤੀ ਗਈ | ਇਸ ਮੌਕੇ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਈ.ਵੀ.ਐਮਜ਼ ਦੀ ਵਰਤੋਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ |