ਧਿਆਨਪੁਰ, 30 ਦਸੰਬਰ (ਕੁਲਦੀਪ ਸਿੰਘ ਸੋਨੂੰ)-ਲੋਹੜੀ ਅਤੇ ਬਸੰਤ ਦੇ ਪਾਵਨ ਤਿਉਹਾਰਾਂ ਸਮੇਂ ਪੰਜਾਬ ਵਿਚ ਦਿਨੋਂ-ਦਿਨ ਨੌਜਵਾਨਾਂ ਵਿਚ ਵਧ ਰਿਹਾ ਚਾਇਨਾ ਡੋਰ ਦਾ ਰੁਝਾਨ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣੀ ਜਾ ਰਿਹਾ ਹੈ, ਆਏ ਦਿਨ ਚਾਇਨਾ ਡੋਰ ਨਾਲ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜਾਂ ਰਹੀਆਂ ਹਨ, ਜਿਸ ਕਰ ਕੇ ਚਾਇਨਾ ਡੋਰ ਨਾਲ ਹੋ ਰਹੇ ਵੱਡੇ ਨੁਕਸਾਨਾਂ ਬਾਰੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਡੀਆ ਪ੍ਰਧਾਨ ਸ: ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਚਾਇਨਾ ਡੋਰ ਦੇ ਨਾਲ ਅਣਗਿਣਤ ਹੀ ਗਲਾ ਕੱਟਣ ਦੀਆਂ ਦਰਦਨਾਕ ਘਟਨਾਵਾਂ, ਮੋਟਰਸਾਈਕਲ, ਸਕੂਟਰ ਸਵਾਰ ਤੇ ਪੈਦਲ ਜਾਣ ਵਾਲੇ ਆਮ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਇਲਾਵਾ ਅਣਗਿਣਤ ਹੀ ਪੰਛੀਆਂ ਦੀਆਂ ਮੌਤਾਂ ਕਾਰਨ ਇਨਸਾਨੀਅਤ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਸ: ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਦੱਸਿਆ ਕਿ ਭਾਵੇਂ ਚਾਇਨਾ ਡੋਰ ਦੀ ਵਿਕਰੀ ਅਤੇ ਇਸ ਨੂੰ ਰੱਖਣ 'ਤੇ ਪੂਰਨ ਪਾਬੰਦੀ ਸਰਕਾਰ ਨੇ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਵਪਾਰੀ ਚੁੱਪ-ਚਾਪ ਇਸ ਦੀ ਵਿਕਰੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਉਨ੍ਹਾਂ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚਾਇਨਾ ਡੋਰ ਦੇ ਗਲਤ ਪ੍ਰਭਾਵ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ |