ਘੁਮਾਣ, 30 ਦਸੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੂੰ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਯੂਥ ਵਿੰਗ ਮਾਝਾ ਜ਼ੋਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ 'ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਯੂਥ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ | ਨਵੇਂ ਬਣੇ ਪ੍ਰਧਾਨ ਚੇਅਰਮੈਨ ਨਿਸ਼ਾਨ ਸਿੰਘ ਚਾਹਲ ਬੋਲੇਵਾਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮੇਰੇ 'ਤੇ ਪਹਿਲਾਂ ਹੀ ਬਹੁਤ ਵੱਡਾ ਵਿਸ਼ਵਾਸ ਕਰ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮਾਝੇ ਦੀ ਯੂਥ ਵਿੰਗ ਦੀ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਹੋਰ ਵੀ ਵੱਡਾ ਮਾਣ ਬਖਸ਼ਿਆ ਹੈ | ਉਨ੍ਹਾਂ ਕਿਹਾ ਕਿ ਇਹ ਮਾਣ ਸਤਿਕਾਰ ਪਾਰਟੀ ਪ੍ਰਤੀ ਕੀਤੀ ਵਫ਼ਾਦਾਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਮਿਹਨਤ ਸਦਕਾ ਹੈ | 'ਆਪ' ਪੰਜਾਬ ਦੀ ਪਹਿਲੀ ਪਾਰਟੀ ਹੈ, ਜਿਸ ਨੇ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਵੱਡਾ ਮਾਣ ਬਖਸ਼ਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਇਸ ਨੂੰ ਪਹਿਲਾਂ ਦੀ ਤਰ੍ਹਾਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ |