ਅਬੋਹਰ, 1 ਜੂਨ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਪਿੰਡ ਘੱਲੂ ਦੇ ਸਰਕਾਰੀ ਹਸਪਤਾਲ ਦਾ ਡਾਕਟਰ ਪਿੰਡ ਦੇ ਹੀ ਇੱਕ ਡੇਅਰੀ ਪਾਲਕ ਦੀ ਗਾਂ ਦੇ ਗੱਭਣ ਹੋਣ ਲਈ ਚਾਰ ਮਹੀਨੇ ਗੱਭਣ ਹੋਣ ਦੇ ਟੀਕੇ 'ਤੇ ਟੀਕੇ ਰੱਖਦਾ ਰਿਹਾ, ਪਰ ਡਾਕਟਰ ਨੂੰ ਚਾਰ ਮਹੀਨੇ ਤੋਂ ਗੱਭਣ ਗਾਂ ਦਾ ਪਤਾ ਹੀ ਨਹੀਂ ਚੱਲਿਆ | ਆਖ਼ਰ ਜਦੋਂ ਡਾਕਟਰ ਨੇ ਆਖ਼ਰੀ ਵਾਰ ਗਾਂ ਦੇ ਗੱਭਣ ਹੋਣ ਦਾ ਟੀਕਾ ਰੱਖਿਆ ਤਾਂ ਚਾਰ ਮਹੀਨੇ ਦੀ ਗੱਭਣ ਗਾਂ ਦਾ ਗਰਭਪਾਤ ਹੋ ਗਿਆ | ਫਿਰ ਜਾ ਕੇ ਡਾਕਟਰ 'ਤੇ ਉਸ ਦੇ ਸਟਾਫ਼ ਨੂੰ ਪਤਾ ਚੱਲਿਆ | ਇਹ ਜਾਣਕਾਰੀ ਦਿੰਦਿਆਂ ਪਿੰਡ ਘੱਲੂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਸੰਧੂ ਨੇ ਪਸ਼ੂ ਪਾਲਨ ਮੰਤਰੀ ਨੂੰ ਡਾਕਟਰ ਖ਼ਿਲਾਫ਼ ਕਾਰਵਾਈ ਲਈ ਭੇਜੇ ਮੰਗ ਪੱਤਰ ਰਾਹੀਂ ਦੱਸਿਆ ਕਿ ਉਸ ਨੇ ਪਿੰਡ ਵਿਚ ਡੇਅਰੀ ਫਾਰਮ ਦਾ ਵੀ ਕੰਮ ਕੀਤਾ ਹੋਇਆ ਹੈ ਅਤੇ ਵਧੀਆ ਨਸਲ ਦੀਆ ਗਾਵਾਂ ਰੱਖੀਆਂ ਹੋਈਆਂ ਹਨ | ਉਸ ਦੀ ਇੱਕ ਗਾਂ 8 ਜਨਵਰੀ ਨੂੰ ਹੀਟ 'ਚ ਆ ਗਈ ਅਤੇ ਉਹ ਗਾਂ ਪਿੰਡ ਦੇ ਸਰਕਾਰੀ ਪਸ਼ੂ ਹਸਪਤਾਲ ਟੀਕਾ ਰਖਵਾਉਣ ਲਈ ਲੈ ਗਏ | ਉੱਥੇ ਡਾਕਟਰ ਅਨਮੋਲ ਮਹਿਰੋਕ ਅਤੇ ਉਨ੍ਹਾਂ ਦੀ ਟੀਮ ਨੇ ਗਾਂ ਦੇ ਗਰਭਵਤੀ ਹੋਣ ਦਾ ਟੀਕਾ ਰੱਖ ਦਿੱਤਾ | ਥੋੜੇ੍ਹ ਦਿਨਾ ਬਾਅਦ ਉਨ੍ਹਾਂ ਨੂੰ ਗਾਂ ਦੇ ਗਰਭਵਤੀ ਨਾ ਹੋਣ ਦਾ ਸ਼ੱਕ ਹੋਇਆ 'ਤੇ ਉਹ ਫਿਰ ਗਾਂ ਹਸਪਤਾਲ ਲੈ ਗਏ | ਇਸ ਤਰ੍ਹਾਂ 8 ਜਨਵਰੀ ਤੋਂ 30 ਅਪ੍ਰੈਲ ਤੱਕ ਉਨ੍ਹਾਂ 10 ਵਾਰ ਗਾਂ ਡਾਕਟਰ ਨੂੰ ਚੈੱਕ ਕਰਵਾਈ ਅਤੇ ਵਾਰ-ਵਾਰ ਉਹ ਗਾਂ ਦੇ ਗਰਭਵਤੀ ਹੋਣ ਦਾ ਟੀਕਾ ਰੱਖਦੇ ਰਹੇ | ਪਰ ਜਦੋਂ 30 ਅਪੈ੍ਰਲ ਨੂੰ ਡਾਕਟਰ ਨੇ ਆਖ਼ਰੀ ਵਾਰ ਗਾਂ ਦੇ ਗਰਭਵਤੀ ਹੋਣ ਦਾ ਟੀਕਾ ਰੱਖਿਆ ਤਾਂ ਉਸ ਸਮੇਂ ਗਾਂ ਕਰੀਬ ਚਾਰ ਮਹੀਨੇ ਦੀ ਗਰਭਵਤੀ ਸੀ | ਪਰ ਡਾਕਟਰ ਨੂੰ ਫਿਰ ਵੀ ਪਤਾ ਨਹੀਂ ਚੱਲਿਆ | ਜਦੋਂ ਡਾਕਟਰ ਨੇ 30 ਅਪ੍ਰੈਲ ਨੂੰ ਆਖ਼ਰੀ ਵਾਰ ਗੱਭਣ ਹੋਣ ਦਾ ਟੀਕਾ ਰੱਖਿਆ ਤਾਂ ਅਗਲੇ ਦਿਨ ਇੱਕ ਮਈ ਨੂੰ ਗਾਂ ਦਾ ਗਰਭਪਾਤ ਹੋ ਗਿਆ ਅਤੇ ਉਸ ਦੇ ਚਾਰ ਮਹੀਨੇ ਦਾ ਬੱਚਾ ਵੀ ਮਰਿਆ ਪਾਇਆ ਗਿਆ | ਸਾਬਕਾ ਸਰਪੰਚ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਕਿਉਂ ਕਿ ਉਨ੍ਹਾਂ ਦੀ ਗਾਂ ਨਾਮੀ ਨਸਲ ਦੀ ਸੀ | ਉਨ੍ਹਾਂ ਪਸ਼ੂ ਪਾਲਨ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਅਣਗਹਿਲੀ ਕਰਨ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਜਦੋਂ ਇਸ ਸਬੰਧ ਵਿਚ ਡਾ.ਅਨਮੋਲ ਮਹਿਰੋਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਫ਼ੋਨ ਨਹੀਂ ਚੁੱਕਿਆ |