ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸਥਾਨਕ ਗੁਰਦੁਆਰਾ ਬਾਬਾ ਭਗਵਾਨ ਸਿੰਘ ਪ੍ਰੇਮ ਗਲੀ ਵਿਖੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਅੰਦਰ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ 'ਤੇ ਸਤਿਕਾਰ ਅਰਪਿਤ ਕੀਤਾ ਸ਼ਹੀਦੀ ਪੂਰਬ ਨੂੰ ਸਮਰਪਿਤ ਸਮਾਗਮ ਅੰਦਰ ਪੰਥ ਦੇ ਮਹਾਨ ਕੀਰਤਨੀਏ ਭਾਈ ਅਪਾਰ ਸਿੰਘ ਜ਼ੀਰੇ ਵਾਲੇ ਭਾਈ ਗੁਰਵਿੰਦਰ ਸਿੰਘ ਸ਼ੇਰੀ ਜਥਿਆਂ ਨੇ ਵਿਸ਼ੇਸ਼ ਤੌਰ 'ਤੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਭਾਈ ਅਪਾਰ ਸਿੰਘ ਨੇ ਸ਼ਹੀਦੀ ਦੇ ਸੰਕਲਪ ਉੱਪਰ ਖੋਜ ਭਰਪੂਰ ਚਾਨਣਾ ਪਾਉਂਦਿਆਂ ਹੋਇਆਂ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਕੀਤੀ | ਇਸ ਦੌਰਾਨ ਸ਼ਹੀਦੀ ਪੂਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਗੁਰਕੀਰਤ ਸਿੰਘ ਕਾਲੂ, ਅਰਵਿੰਦਰ ਸਿੰਘ ਨੀਟੂ ਬਾਬਾ, ਪਰਮਜੀਤ ਸਿੰਘ ਪਾਰਸ, ਬਲਜੀਤ ਸਿੰਘ, ਸੁਖਪਾਲ ਸਿੰਘ ਤਬਲਾ ਵਾਦਕ, ਰਜਿੰਦਰ ਸਿੰਘ, ਸੰਨ੍ਹੀ, ਲਵਲੀ ਦੂਆ, ਰੂਬੀ ਬੇਦੀ, ਮਾਹੀ ਆਦਿ ਸੰਗਤਾਂ ਹਾਜ਼ਰ ਸਨ |