ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਿੱਜੀ ਸਕੂਲਾਂ ਦੀ ਤਰਜ਼ 'ਤੇ ਹੁਣ ਸਰਕਾਰੀ ਸਕੂਲਾਂ ਵਿਚ ਵੀ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸੇ ਦੇ ਤਹਿਤ ਸਰਕਾਰੀ ਹਾਈ ਸਕੂਲ ਕੇਰੀਆਂ ਵਿਚ ਮੁੱਖ ਅਧਿਆਪਕਾ ਸ੍ਰੀਮਤੀ ਰਜਨੀ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਸਮਰ ਕੈਂਪ ਲਗਾਉਂਦਿਆਂ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਭਾਸ਼ਾਈ ਸਮਰੱਥਾ, ਸਾਂਸਕਿ੍ਤਿਕ ਗਿਆਨ ਅਤੇ ਰਾਸ਼ਟਰ-ਭਗਤੀ ਦੀ ਭਾਵਨਾ ਨੂੰ ਉਭਾਰਨਾ ਸੀ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੱਖਣੀ ਭਾਰਤ ਦੀ ਪ੍ਰਮੁੱਖ ਭਾਸ਼ਾ ਤੇਲਗੂ ਸਿਖਾਈ ਗਈ | ਉਨ੍ਹਾਂ ਨੂੰ ਇਸ ਭਾਸ਼ਾ ਦੇ ਇਤਿਹਾਸ, ਉਤਪਤੀ, ਵਿਕਾਸ ਅਤੇ ਭਾਰਤ ਵਿਚ ਇਸੇ ਸਥਾਨ ਬਾਰੇ ਸੰਖਿਪਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਤੇਲਗੂ ਵਿਚ ਗਿਣਤੀ, ਆਮ ਗੱਲਬਾਤ ਅਤੇ ਆਪਣੇ ਬਾਰੇ ਜਾਣਕਾਰੀ ਦੇਣ ਵਰਗੀਆਂ ਬੁਨਿਆਦੀ ਕਲਾਵਾਂ ਵੀ ਸਿੱਖੀਆਂ | ਇਸ ਤੋਂ ਇਲਾਵਾ ਕੈਂਪ ਵਿਚ ਰਾਸ਼ਟਰ-ਭਗਤੀ ਸੰਬੰਧੀ ਗਤੀਵਿਧੀਆਂ ਜਿਵੇਂ ਦੇਸ਼ ਭਗਤੀ ਗੀਤ, ਨਾਚ ਅਤੇ ਲਘੁ-ਭਾਸ਼ਣਾਂ ਦੀ ਪੇਸ਼ਕਾਰੀ ਕਰਵਾਈ ਗਈ | ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਨਵੀਂ ਭਾਸ਼ਾ ਸਿੱਖਣ ਅਤੇ ਦੇਸ਼ ਭਗਤੀ ਦੀ ਅਹਿਸਾਸ ਪ੍ਰਗਟ ਕਰਨ ਦਾ ਸਾਧਨ ਬਣੀ | ਇਹ ਸਮਰ ਕੈਂਪ ਉਨ੍ਹਾਂ ਲਈ ਇਕ ਸਿੱਖਣ ਯੋਗ, ਉਤਸ਼ਾਹਜਨਕ ਅਤੇ ਯਾਦਗਾਰ ਤਜਰਬਾ ਸਾਬਤ ਹੋਇਆ | ਸਕੂਲ ਦੇ ਅਧਿਆਪਕ ਅਸ਼ਵਨੀ ਕੁਮਾਰ, ਹਰਿੰਦਰ ਕੌਰ, ਸਵਰਨ ਸਿੰਘ, ਅਲੀਸ਼ਾ ਮੈਡਮ, ਸੋਨੀਆ, ਮਹਿਰਬਾਨ, ਸੀਮਾ ਦੇ ਨਾਲ ਨਾਲ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀ |