ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਬੀਤੇ ਦਿਨੀਂ ਅਰਨੀਵਾਲਾ ਵਿਚ ਇਕ ਨੌਜਵਾਨ ਦੀ ਭੇਦਭਰੇ ਹਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ | ਮਿ੍ਤਕ ਦੇ ਵਾਰਸਾਂ ਦੇ ਦੋਸ਼ ਸਨ ਕਿ ਉਨ੍ਹਾਂ ਨੂੰ ਪੋਸਟ ਮਾਰਟਮ ਲਈ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ | ਜਿਸ ਤੋਂ ਬਾਅਦ ਉਨ੍ਹਾਂ ਗੇਟ ਬੰਦ ਕਰਕੇ ਸੰਘਰਸ਼ ਦੀ ਚਿਤਾਵਨੀ ਦਿੱਤੀ | ਜਿਸ ਦੌਰਾਨ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਬਲਵਿੰਦਰ ਸਿੰਘ ਨਾਂਅ ਦੇ ਇਕ ਵਿਅਕਤੀ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ ਸੀ | ਮਿ੍ਤਕ ਦੇ ਭਰਾ ਚਰਨਜੀਤ ਸਿੰਘ ਤੇ ਜਗਜੀਤ ਸਿੰਘ ਦੇ ਦੋਸ਼ ਸਨ ਕਿ ਉਕਤ ਬਲਵਿੰਦਰ ਸਿੰਘ ਦੀ ਮੌਤ ਉਸ ਦੀ ਪਤਨੀ ਅਤੇ ਬੇਟੀ ਵਲੋਂ ਗੱਲਾਂ ਘੁੱਟਣ ਨਾਲ ਹੋਈ ਹੈ | ਜਿਸ ਨਿਸ਼ਾਨ ਵੀ ਉਸ ਦੇ ਗੱਲੇ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਅਸੀਂ ਐਤਵਾਰ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਹੈ | ਛੁੱਟੀ ਹੋਣ ਕਾਰਨ ਕਲ ਪੋਸਟ ਮਾਰਟਮ ਨਹੀਂ ਹੋ ਸਕਿਆ ਸੀ ਅਤੇ ਜਿਸ ਤੋਂ ਬਾਅਦ ਸਵੇਰ ਤੋਂ ਹੀ ਸਾਨੂੰ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਤਿੰਨ ਵਾਰ ਪੋਸਟ ਮਾਰਟਮ ਕਰਨ ਲਈ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ, ਪਰ ਕੋਈ ਵੀ ਡਾਕਟਰ ਪੋਸਟ ਮਾਰਟਮ ਕਰਨ ਲਈ ਤਿਆਰ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਤਨੀਆਂ ਤਨਖ਼ਾਹਾਂ ਲੈਣ ਦੇ ਬਾਵਜੂਦ ਵੀ ਡਾਕਟਰ ਕੰਮ ਤੋਂ ਭੱਜ ਰਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਡਾਕਟਰਾਂ ਦਾ ਤਬਾਦਲਾ ਕਰਨਾ ਚਾਹੀਦਾ ਹੈ | ਉਨ੍ਹਾਂ ਇਸ ਮੌਕੇ ਗੇਟ ਬੰਦ ਕਰਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਤਾਂ ਮੌਕੇ 'ਤੇ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਕਲ ਛੁੱਟੀ ਹੋਣ ਕਾਰਨ ਥੋੜ੍ਹੀ ਪਰੇਸ਼ਾਨੀ ਆਈ ਹੈ | ਉਨ੍ਹਾਂ ਕਿਹਾ ਕਿ ਹੁਣ ਡਾਕਟਰਾਂ ਦਾ ਬੋਰਡ ਬਣ ਗਿਆ ਹੈ ਅਤੇ ਜਲਦੀ ਹੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ | ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕੰਮ ਸ਼ਾਂਤ ਹੋ ਸਕਿਆ ਹੈ |