ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਫ਼ਿਰੋਜ਼ਪੁਰ ਮਾਰਗ 'ਤੇ ਤੜਕਸਾਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਅਣਪਛਾਤੇ ਵਾਹਨ ਵਲੋਂ ਘੋੜਾ ਰੇਹੜੀ 'ਤੇ ਜਾ ਰਹੇ ਨੌਜਵਾਨ ਨੂੰ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਤੋਂ ਬਾਅਦ ਮਿ੍ਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਸੜਕ ਤੋਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਵਾਜਾਈ ਠੱਪ ਕਰਦਿਆਂ ਟੱਕਰ ਮਾਰਨ ਵਾਲੇ ਵਿਅਕਤੀ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ | ਹਾਦਸਾ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਬਣੇ ਰੇਲਵੇ ਪੁਲ 'ਤੇ ਤੜਕਸਾਰ 4.15 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ ਤੋਂ ਇਕ ਮਜ਼ਦੂਰ ਨੌਜਵਾਨ ਆਪਣੇ ਘੋੜੇ ਰੇਹੜੇ 'ਤੇ ਰੋਜ਼ ਦੀ ਤਰ੍ਹਾਂ ਭੱਠੇ 'ਤੇ ਕੰਮ ਕਰਨ ਲਈ ਜਾ ਰਿਹਾ ਸੀ | ਜਦੋਂ ਉਹ ਮੰਡੀ ਨੇੜੇ ਬਣੇ ਰੇਲਵੇ ਪੁਲ 'ਤੇ ਪੁੱਜਿਆ ਤਾਂ ਪਿੱਛੇ ਤੋਂ ਉਸ ਨੂੰ ਇਕ ਅਣਪਛਾਤੇ ਕੈਂਟਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ | ਟੱਕਰ ਇਤਨੀ ਜ਼ਿਆਦਾ ਭਿਆਨਕ ਸੀ ਕਿ ਮੌਕੇ 'ਤੇ ਹੀ ਘੋੜਾ ਰੇਹੜੇ ਚਾਲਕ ਦੀ ਦਰਦਨਾਕ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪੁੱਜ ਗਿਆ ਅਤੇ ਉਨ੍ਹਾਂ ਵਲੋਂ ਹਾਦਸੇ ਦੀ ਜਾਂਚ ਸ਼ੁਰੂ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ | ਉੱਧਰ ਘਟਨਾ ਤੋਂ ਬਾਅਦ ਰੇਹੜਾ ਯੂਨੀਅਨ ਅਤੇ ਪਰਿਵਾਰਿਕ ਮੈਂਬਰਾਂ ਨੇ ਸੜਕ ਤੋਂ ਨੌਜਵਾਨ ਦੀ ਲਾਸ਼ ਚੁੱਕਣ ਤੋਂ ਇਨਕਾਰੀ ਕਰ ਦਿੱਤੀ | ਰੇਲਵੇ ਪੁਲ 'ਤੇ ਆਵਾਜਾਈ ਠੱਪ ਕਰਦਿਆਂ ਧਰਨਾ ਸ਼ੁਰੂ ਕਰ ਦਿੱਤਾ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤੜਕਸਾਰ ਅਸ਼ਵਨੀ ਕੁਮਾਰ ਰੇਹੜੀ ਲੈ ਕੇ ਇੱਟਾਂ ਵਾਲੇ ਭੱਠੇ 'ਤੇ ਕੰਮ ਕਰਨ ਲਈ ਜਾ ਰਿਹਾ ਸੀ | ਇਸ ਦੌਰਾਨ ਫ਼ਲਾਈ ਓਵਰ 'ਤੇ ਇਹ ਹਾਦਸਾ ਵਾਪਰਿਆ | ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਇਕੋ ਹੀ ਇਹ ਨੌਜਵਾਨ ਕਮਾਉਣ ਵਾਲਾ ਸੀ, ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ | ਉਨ੍ਹਾਂ ਕਿਹਾ ਕਿ ਮਿ੍ਤਕ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਛੋਟੇ ਛੋਟੇ ਬੱਚੇ ਹਨ | ਇਸ ਲਈ ਉਹ ਇਨਸਾਫ਼ ਦੀ ਮੰਗ ਕਰਦੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਤੜਕਸਾਰ ਪੁਲਿਸ ਦੇ ਕਈ ਨਾਕੇ ਹੁੰਦੇ ਹਨ, ਪਰ ਇਸ ਦੇ ਬਾਵਜੂਦ ਅਣਪਛਾਤਾ ਕੈਂਟਰ ਚਾਲਕ ਇਕ ਵੱਡਾ ਹਾਦਸਾ ਕਰਕੇ ਫ਼ਰਾਰ ਹੋ ਗਿਆ | ਉੱਧਰ ਯੂਨੀਅਨ ਦਾ ਕਹਿਣਾ ਸੀ ਕਿ ਜਿਤਨੀ ਦੇਰ ਤੱਕ ਮਿ੍ਤਕ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਹੁੰਦੀ, ਉਤਨੀ ਦੇਰ ਤੱਕ ਧਰਨਾ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਫਲਾਈ ਓਵਰ 'ਤੇ ਪਹਿਲਾ ਵੀ ਕਈ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿਚ ਕੋਈ ਕਰਵਾਈ ਨਹੀਂ ਹੋਈ | ਮੌਕੇ 'ਤੇ ਪੁੱਜੇ ਥਾਣਾ ਸਿਟੀ ਦੇ ਅਧਿਕਾਰੀ ਭਗਵਾਨ ਸਿੰਘ ਨੇ ਦੱਸਿਆ ਉਹ ਹਾਦਸੇ ਤੋਂ ਬਾਅਦ ਮੌਕੇ 'ਤੇ ਪੁੱਜੇ ਸਨ | ਪੁਲਿਸ ਟੀਮਾਂ ਬਣਾ ਕੇ ਕੈਂਟਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਵੀ ਦੇਖੀ ਜਾ ਰਹੀ ਹੈ | ਜਿਸ ਨਾਲ ਕੈਂਟਰ ਚਾਲਕ ਦੀ ਪਛਾਣ ਹੋ ਸਕੇ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬਿਆਨ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ ਪਰ ਪਰਿਵਾਰ ਲਾਸ਼ ਨੂੰ ਰੱਖ ਕੇ ਪ੍ਰਦਰਸ਼ਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਧਰਨਾ ਚੁੱਕਣ ਲਈ ਕਿਹਾ ਗਿਆ ਹੈ, ਪਰ ਪਰਿਵਾਰ ਆਪਣੀ ਗੱਲ 'ਤੇ ਅੜਿਆ ਹੋਇਆ ਹੈ | ਉੱਧਰ ਦੂਜੇ ਪਾਸੇ ਧਰਨਾ ਲਗਾਤਾਰ ਜਾਰੀ ਹੈ |
ਫ਼ਾਜ਼ਿਲਕਾ ਦੇ ਰੇਲਵੇ ਪੁਲ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਦਰਦਨਾਕ ਮੌਤ
ਅਜੀਤ ਡੈਸਕ
03-06-2025