ਅਬੋਹਰ, 3 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਸੀਡ ਫਾਰਮ ਰੋਡ 'ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਪੂਰੀ ਤਰ੍ਹਾਂ ਖਸਤਾ ਹੋ ਗਈ ਹੈ ਜਿਸ ਕਾਰਨ ਇਹ ਸੜਕ ਝੀਲ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਸੜਕ 'ਤੇ ਟੋਇਆਂ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ | ਅੱਜ ਵੀ ਇਕ ਈ-ਰਿਕਸ਼ਾ ਸੜਕ 'ਤੇ ਪਾਣੀ ਵਿਚ ਪਲਟ ਗਿਆ ਜਿਸ ਵਿਚ ਯਾਤਰੀ ਵਾਲ-ਵਾਲ ਬਚ ਗਏ | ਉਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬਾਹਰ ਕੱਢਿਆ | ਜਾਣਕਾਰੀ ਅਨੁਸਾਰ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਪੂਰੀ ਤਰ੍ਹਾਂ ਖਸਤਾ ਹੈ ਜਿਸ ਵਿਚ ਵੱਡੇ-ਵੱਡੇ ਟੋਏ ਬਣ ਗਏ ਹਨ, ਜਦੋਂ ਕਿ ਸੀਵਰੇਜ ਲਾਈਨ ਦੀ ਸਫ਼ਾਈ ਨਾ ਹੋਣ ਕਾਰਨ ਇਸ ਸੜਕ 'ਤੇ ਬਣੇ ਸੀਵਰੇਜ ਚੈਂਬਰਾਂ ਤੋਂ ਵੀ ਸੀਵਰੇਜ ਦਾ ਪਾਣੀ ਵਾਪਸ ਆ ਰਿਹਾ ਹੈ | ਇਹ ਸੀਵਰੇਜ ਦਾ ਪਾਣੀ ਪੂਰੀ ਸੜਕ ਵਿਚ ਭਰਿਆ ਰਹਿੰਦਾ ਹੈ ਜਿਸ ਕਾਰਨ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅੱਜ ਸਵੇਰੇ ਵੀ ਇਕ ਈ-ਰਿਕਸ਼ਾ ਚਾਲਕ ਆਪਣੇ ਰਿਕਸ਼ਾ ਵਿਚ ਕੁੱਝ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਪਾਣੀ ਨਾਲ ਭਰੀ ਸੜਕ ਪਾਰ ਕਰਦੇ ਸਮੇਂ ਉਸ ਦਾ ਰਿਕਸ਼ਾ ਪਲਟ ਗਿਆ, ਖ਼ੁਸ਼ਕਿਸਮਤੀ ਨਾਲ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ | ਆਸ-ਪਾਸ ਦੇ ਲੋਕਾਂ ਨੇ ਤੁਰੰਤ ਰਿਕਸ਼ਾ ਸਿੱਧਾ ਕੀਤਾ ਤੇ ਲੋਕਾਂ ਨੂੰ ਬਾਹਰ ਕੱਢਿਆ | ਇਸ ਦੌਰਾਨ ਇੰਦਰਜੀਤ ਬੁਲੰਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੜਕ ਦੀ ਮਾੜੀ ਹਾਲਤ ਬਾਰੇ ਮੰਡੀ ਬੋਰਡ ਦੇ ਐੱਸ.ਡੀ.ਓ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਕੱਲ੍ਹ ਹੀ ਉਨ੍ਹਾਂ ਦੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇਸ ਮੁੱਦੇ 'ਤੇ ਚਰਚਾ ਹੋਈ ਸੀ | ਉਨ੍ਹਾਂ ਨੇ ਸੀਵਰੇਜ ਬੋਰਡ ਨੂੰ ਸੀਵਰੇਜ ਸਿਸਟਮ ਨੂੰ ਸੁਧਾਰਨ ਲਈ ਕਿਹਾ ਹੈ, ਜਿਵੇਂ ਹੀ ਸੀਵਰੇਜ ਸਿਸਟਮ ਠੀਕ ਹੋ ਜਾਵੇਗਾ, ਉਹ ਸੜਕ ਨੂੰ ਪੈਚ ਕਰਵਾ ਦੇਣਗੇ |