ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਪਿੰਡ ਮੁਰਾਦ ਵਾਲਾ ਦਲ ਸਿੰਘ ਤੋਂ ਰੱਤਾ ਟਿੱਬਾ ਲਿੰਕ ਰੋਡ 'ਤੇ ਦਾਣਾ ਮੰਡੀ ਦੇ ਕੋਲ ਇੱਕ ਨੌਜਵਾਨ ਨਾਲ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੌਜਵਾਨ ਨਾਲ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ | ਉਹ ਨੌਜਵਾਨ ਪਿੰਡਾਂ ਵਿਚ ਦੁਕਾਨਾਂ ਉੱਤੇ ਟਾਫ਼ੀਆਂ ਗੋਲੀਆਂ ਵੇਚਣ ਦਾ ਕੰਮ ਕਰਦਾ ਹੈ | ਉਕਤ ਨੌਜਵਾਨ ਜਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਥੇ ਪੁੱਜਿਆ ਤਾਂ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਘੇਰ ਕੇ ਉਸ ਕੋਲੋਂ ਨਗਦੀ ਖੋਹੀ ਗਈ ਤੇ ਨਗਦੀ ਖੋਹਣ ਉਪਰੰਤ ਉਹ ਫ਼ਰਾਰ ਹੋ ਗਏ | ਬਾਅਦ ਵਿਚ ਇੱਥੇ ਪੁੱਜੇ ਰਾਹਗੀਰ ਨੂੰ ਇਸ ਨੌਜਵਾਨ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ | ਰਾਹਗੀਰ ਜੋ ਪਿੰਡ ਰਤਾ ਟਿੱਬਾ ਦਾ ਰਹਿਣ ਵਾਲਾ ਸੀ ਉਸ ਨੇ ਆਪਣੇ ਪਿੰਡ ਦੇ ਹੀ ਹੋਰ ਜਾਣਕਾਰ ਨਾਲ ਫ਼ੋਨ 'ਤੇ ਇਸ ਦੀ ਸੂਚਨਾ ਸਾਂਝੀ ਕੀਤੀ ਤੇ ਲੁੱਟ ਖੋਹ ਕਰਨ ਵਾਲੇ ਦਾ ਹੁਲੀਆ ਤੇ ਮੋਟਰਸਾਈਕਲ ਦੀ ਪਹਿਚਾਣ ਦੱਸੀ ਜਿਸ ਵਿਅਕਤੀ ਨੂੰ ਇਨ੍ਹਾਂ ਦੀ ਪਹਿਚਾਣ ਫ਼ੋਨ 'ਤੇ ਦੱਸੀ ਗਈ | ਉਹ ਨੌਜਵਾਨ ਪਿੰਡ ਕੁਹਾੜਿਆਂ ਵਾਲੀ ਵਿਖੇ ਪੈਟਰੋਲ ਪੰਪ 'ਤੇ ਮੌਜੂਦ ਸੀ | ਇਨ੍ਹਾਂ ਨੂੰ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਪੈਟਰੋਲ ਪੰਪ 'ਤੇ ਪੁੱਜੇ | ਜਦ ਇਸ ਨੌਜਵਾਨ ਨੇ ਉਨ੍ਹਾਂ ਕੋਲੋਂ ਪੁੱਛਿਆ ਤਾਂ ਉਹ ਮੋਟਰਸਾਈਕਲ ਛੱਡ ਪੈਟਰੋਲ ਪੰਪ ਨਾਲ ਲੱਗਦੇ ਖੇਤਾਂ ਨੂੰ ਫ਼ਰਾਰ ਹੋ ਗਏ ਜਿੰਨਾ ਵਿਚੋਂ ਇੱਕ ਨੌਜਵਾਨ ਨੂੰ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ ਤੇ ਉਸ ਕੋਲੋਂ ਲੁੱਟ ਖੋਹ ਕੀਤੀ ਰਕਮ ਵੀ ਬਰਾਮਦ ਕਰ ਲਈ | ਬਾਅਦ ਵਿਚ ਇਸ ਨੂੰ ਪੁਲਿਸ ਥਾਣਾ ਅਰਨੀਵਾਲਾ ਦੇ ਹਵਾਲੇ ਕਰ ਦਿੱਤਾ ਗਿਆ |