ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਬੀਤੇ ਦਿਨੀਂ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਕਿਸਾਨ ਜਥੇਬੰਦੀਆਂ ਨਾਲ ਬਹਿਸ ਦੀ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਫ਼ਾਜ਼ਿਲਕਾ ਇਕਾਈ ਵਲੋਂ ਵੀ ਵਿਧਾਇਕ ਦੀ ਇਸ ਰਵੱਈਏ ਨੂੰ ਬੇਹੱਦ ਮੰਦਭਾਗਾ ਦੱਸਿਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਬੀ.ਕੇ.ਯੂ. ਕਾਦੀਆਂ ਦੇ ਸੂਬਾ ਪੈੱ੍ਰਸ ਸਕੱਤਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਪਾਕਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨ ਪਹੁੰਚੇ ਕਿਸਾਨ ਜਥੇਬੰਦੀਆਂ ਨਾਲ ਜੋ ਬਦਸਲੂਕੀ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਕੀਤੀ ਗਈ ਹੈ ਉਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕ ਉਨ੍ਹਾਂ ਦੇ ਦਿਮਾਗ਼ ਨੂੰ ਸੱਤਾ ਦਾ ਨਸ਼ਾ ਚੜਿ੍ਹਆ ਹੋਇਆ ਹੈ | ਉਸ ਸਤਾ ਦੇ ਨਸ਼ੇ 'ਚ ਇਹ ਭੁੱਲ ਗਏ ਕਿ ਇਨ੍ਹਾਂ ਹਰੀਆਂ ਪੱਗਾਂ ਵਾਲਿਆਂ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਮੌਕੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਸਾਹਮਣੇ ਇਕ ਔਰਤ ਵਿਧਾਇਕ ਸੀ | ਜੇਕਰ ਕੋਈ ਔਰਤ ਦੀ ਜਗ੍ਹਾ ਮਰਦ ਵਿਧਾਇਕ ਹੁੰਦਾ ਤਾਂ ਉਨ੍ਹਾਂ ਵਲੋਂ ਉਸੇ ਸਮੇਂ ਜਵਾਬ ਦਿੱਤਾ ਜਾਂਦਾ | ਉਨ੍ਹਾਂ ਵਲੋਂ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਬਲਕਿ ਸੰਯੁਕਤ ਕਿਸਾਨ ਮੋਰਚੇ ਨਾਲ ਬਦਸਲੂਕੀ ਕੀਤੀ ਗਈ ਹੈ ਜਿਸ ਦਾ ਜਵਾਬ ਉਨ੍ਹਾਂ ਵਲੋਂ ਸਮਾ ਆਉਣ 'ਤੇ ਦਿੱਤਾ ਜਾਵੇਗਾ ਕਿਉਂ ਕਿ ਹੁਣ ਪੰਜਾਬ ਵਿਚ ਹੜ੍ਹਾਂ ਦੀ ਜੋ ਤਰਾਸਦੀ ਚੱਲ ਰਹੀ ਹੈ ਇਹ ਸਮਾਂ ਲੋਕਾਂ ਦਾ ਸਾਥ ਦੇਣ ਦਾ ਹੈ | ਇਸ ਮੌਕੇ ਸਰਕਾਰ ਨਾਲੋਂ ਵੱਧ ਸੇਵਾ ਪੰਜਾਬ ਦੇ ਲੋਕਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਕੀਤੀ ਜਾ ਰਹੀ ਹੈ |