ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਇੱਕ ਕਿਸਾਨ ਨੇ ਪੰਜਾਬ ਸਰਕਾਰ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਖੇਤੀ ਕੁਨੈਕਸ਼ਨ ਸਬੰਧੀ ਮੁਸ਼ਕਲਾਂ ਜਲਦੀ ਹੱਲ ਕਰ ਦੀ ਮੰਗ ਕੀਤੀ ਹੈ | ਪਿੰਡ ਬੇਗਾਂਵਾਲੀ ਦੇ ਕਿਸਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਾਲ 2020 ਅੰਦਰ ਗ਼ਰੀਬ ਤੇ ਛੋਟੇ ਕਾਸ਼ਤਕਾਰਾਂ ਨੂੰ ਉਸ ਸਮੇਂ ਸਰਕਾਰ ਨੇ ਖੇਤੀ ਲਈ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਸਨ | ਉਨ੍ਹਾਂ ਨੇ ਉਸ ਸਮੇਂ ਪਾਵਰ ਕਾਰਪੋਰੇਸ਼ਨ ਦੀ ਸਬ ਡਿਵੀਜ਼ਨ ਖੂਈ ਖੇੜਾ ਤੋਂ ਲਿਆ ਸੀ | ਉਨ੍ਹਾਂ ਦੱਸਿਆ ਕਿ ਬਿਜਲੀ ਅਧਿਕਾਰੀ ਤੇ ਮੁਲਾਜ਼ਮਾਂ ਨੇ ਕਾਸ਼ਤਕਾਰ ਵਲੋਂ ਸਾਰਾ ਖ਼ਰਚਾ ਜਮ੍ਹਾ ਕਰਵਾ ਕੇ ਸੀਲ ਬੰਦ ਮੀਟਰ ਕੁਨੈਕਸ਼ਨ ਜਾਰੀ ਕਰ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਮੀਟਰਾਂ ਦਾ ਬਿੱਲ ਹੁਣ ਰੀਡਿੰਗ ਛੱਡ ਕੇ ਫਲੈਟ ਰੇਟਾਂ 'ਤੇ ਭੇਜਿਆ ਜਾ ਰਿਹਾ ਹੈ ਜੋ ਕਿ ਕਿਸਾਨਾਂ ਨਾਲ ਭਾਰੀ ਧੱਕਾ ਹੈ | ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਬਿਜਲੀ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ ਪਰ ਕੋਈ ਸੰਤੋਖਜਨਕ ਜਵਾਬ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਜਦ ਕਿ ਨਾਲ ਲੱਗਦੇ ਸ਼ਹਿਰ ਅਬੋਹਰ ਦੀ ਸਬ ਡਿਵੀਜ਼ਨ 2 ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਟਿਊਬਵੈੱਲਾਂ ਦੇ ਬਿੱਲ ਰੀਡਿੰਗ ਦੇ ਆਧਾਰ 'ਤੇ ਹੀ ਆਏ ਹਨ ਜਿਸ ਦੇ ਸਬੂਤ ਮੌਜੂਦ ਹਨ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕੁਨੈਕਸ਼ਨ ਦੇਣ ਸਮੇਂ ਇਹ ਸਪਸ਼ਟ ਲਿਖਿਆ ਹੋਇਆ ਸੀ ਕਿ ਖਪਤਕਾਰ ਵਲੋਂ ਕੀਤੀ ਗਈ ਬਿਜਲੀ ਦੀ ਖਪਤ ਮਾਪਣ ਲਈ ਇਹ ਕੁਨੈਕਸ਼ਨ ਬਿਜਲੀ ਦੇ ਮੀਟਰ ਲਗਾ ਕੇ ਟਿਊਬਵੈੱਲ ਫੀਡਰਾਂ ਰਾਹੀਂ ਜਾਰੀ ਕੀਤੇ ਜਾਣਗੇ | ਕਿਸਾਨੀ ਸੁਸ਼ੀਲ ਕੁਮਾਰ ਨੇ ਪੰਜਾਬ ਸਰਕਾਰ, ਪਾਵਰ ਕਾਮ ਦੇ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਹੈ | ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ |