ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਹੜ੍ਹ ਦੇ ਪਾਣੀ ਨਾਲ ਘਿਰੇ ਸਰਹੱਦੀ ਪਿੰਡਾਂ ਵਿਚ ਹੜ੍ਹ ਪੀੜਤਾਂ ਲਈ ਬੀ.ਐੱਸ.ਐੱਫ. ਨੇ ਫ਼ਾਜ਼ਿਲਕਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਕਿਸ਼ਤੀ 'ਚ ਬੈਠੇ-ਬੈਠੇ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ | ਭਾਰਤ-ਪਾਕਿ ਸਰਹੱਦ ਦੇ ਭੈਣੀ ਦਿਲਾਵਰ ਚੌਕੀ ਕੋਲ ਚੁਫੇਰੇ ਪਾਣੀ ਨਾਲ ਘਿਰੇ ਪਿੰਡ ਮੁਹਾਰ ਜਮਸ਼ੇਰ ਵਿਚ ਬੀ.ਐੱਸ.ਐਫ. ਦੀ 19ਵੀਂ ਬਟਾਲੀਅਨ ਵਲੋਂ ਇਹ ਕੈਂਪ ਪਾਣੀ 'ਚ ਹੀ ਲਗਾਇਆ ਗਿਆ | ਕਮਾਡੈਂਟ ਸੁਨੀਲਮ ਸ਼ੁਭਮ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਗਾਏ ਕੈਂਪ ਵਿਚ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੈਡੀਕਲ ਅਫ਼ਸਰ ਡਾ. ਹਰਸ਼ਿਤਾ, ਹੋਮਿਓਪੈਥੀ ਦੇ ਡਾ. ਗੁਰਮੀਤ ਸਿੰਘ ਰਾਏ, ਬੀ.ਐੱਸ.ਐਫ. ਦੀ ਮੈਡੀਕਲ ਅਫ਼ਸਰ ਡਾ. ਸਿੰਹੇਂ ਤੇ ਦੋ ਫਾਰਮਾਸਿਸਟਾਂ ਨੇ ਮਿਲ ਕੇ ਸੈਂਕੜਿਆਂ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ | ਇਸ ਮੌਕੇ ਬੀ.ਐੱਸ.ਐਫ. ਦੇ ਡਿਪਟੀ ਕਮਾਡੈਂਟ ਮਨਜੀਤ ਸਿੰਘ, ਗੌਰਵ ਯਾਦਵ, ਏ. ਅੰਸਾਰੀ ਕੰਪਨੀ ਕਮਾਂਡਰ ਨੇ ਪੂਰਾ ਸਹਿਯੋਗ ਦਿੱਤਾ | ਡਾਕਟਰਾਂ ਦੀ ਟੀਮ ਕਿਸ਼ਤੀ ਵਿਚ ਘੁੰਮ-ਘੁੰਮ ਕੇ ਪਾਣੀ ਵਿਚ ਖੜ੍ਹੇ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਸੀ |