ਮੰਡੀ ਲਾਧੂਕਾ, 4 ਸਤੰਬਰ (ਰਾਕੇਸ਼ ਛਾਬੜਾ)- ਟਰੈਕਟਰ ਖ਼ਰੀਦਿਆ ਨਹੀਂ, ਕਰਜ਼ੇ ਦੀ ਕਿਸ਼ਤ ਆ ਗਈ, ਬਸਤੀ ਚੰਡੀਗੜ੍ਹ ਦੇ ਗੁਲਸ਼ਨ ਕੁਮਾਰ ਪੁੱਤਰ ਬੱਘਾ ਸਿੰਘ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਕੁੱਝ ਦਿਨ ਪਹਿਲਾਂ ਇਕ ਵੱਡੀ ਆਟੋ ਫਾਈਨੈਂਸ ਕੰਪਨੀ ਵਾਲੇ ਉਸ ਦੇ ਕੋਲ ਆਏ ਤੇ ਕਹਿੰਦੇ ਕਰਜ਼ੇ 'ਤੇ ਲਏ ਟਰੈਕਟਰ ਦੀਆਂ ਕਿਸ਼ਤਾਂ ਭਰੋ | ਗੁਲਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਨਾ ਤਾਂ ਕੋਈ ਕਰਜ਼ਾ ਲਿਆ ਹੈ ਤੇ ਨਾ ਹੀ ਕੋਈ ਟਰੈਕਟਰ | ਉਸ ਦਾ ਕਹਿਣਾ ਹੈ ਕਿ ਜਿਸ ਦਿਨ ਦੇ ਉਕਤ ਕੰਪਨੀ ਦੇ ਮੁਲਾਜ਼ਮ ਉਸ ਦੇ ਕੋਲ ਟਰੈਕਟਰ ਦੀ ਕਿਸ਼ਤ ਭਰਵਾਉਣ ਲਈ ਆਏ ਹਨ, ਉਹ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਹੈ | ਉਸ ਦਾ ਕਹਿਣਾ ਹੈ ਨਾ ਤਾਂ ਕਰਜ਼ੇ ਤੇ ਨਾ ਹੀ ਟਰੈਕਟਰ ਨਾਲ ਉਸ ਦਾ ਕੋਈ ਸਬੰਧ ਹੈ | ਮੇਰੇ ਨਾਂਅ 'ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਮੇਰੇ ਨਾਲ ਠੱਗੀ ਮਾਰੀ ਗਈ ਹੈ | ਗੁਲਸ਼ਨ ਕੁਮਾਰ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਠੱਗੀ ਮਾਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਗੁਲਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਪੱਤਰ ਦੇ ਕੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਮੰਡੀ ਦੀ ਪੁਲਿਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਨਾਮ ਸਿੰਘ ਦਾ ਕਹਿਣਾ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ |