ਕਾਂਗਰਸ ਹਾਈਕਮਾਨ ਵਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਅਪਣਾਈ ਨੀਤੀ ਕਿਵੇਂ ਲਗਾਏਗੀ 2027 ਦਾ ਬੇੜਾ ਪਾਰ <br/>
ਅਜੀਤ ਡੈਸਕ
24-09-2025
ਫ਼ਾਜ਼ਿਲਕਾ, 23 ਸਤੰਬਰ -ਕਾਂਗਰਸ ਹਾਈਕਮਾਨ ਵਲੋਂ ਪੰਜਾਬ ਅੰਦਰ ਆਪਣੇ ਸੰਗਠਨਾਤਮਕ ਢਾਂਚੇ ਦੀ ਮਜ਼ਬੂਤੀ ਲਈ ਅਪਣਾਈ ਨੀਤੀ ਯੂਥ ਕਾਂਗਰਸ ਦੀਆਂ ਚੋਣਾਂ ਵਾਂਗ ਮਜ਼ਬੂਤੀ ਦੀ ਥਾਂ ਨਵੀਆਂ ਧੜੇਬੰਦੀਆਂ ਪੈਦਾ ਕਰਦੀ ਜਾਪ ਰਹੀ ਹੈ, ਜਿਸ ਤਹਿਤ ਕਾਂਗਰਸ ਹਾਈਕਮਾਨ ਨੇ ਦੇਸ਼ ਦੇ ਦੂਜੇ ਸੂਬਿਆਂ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਅਬਜ਼ਰਵਰ ਨਿਯੁਕਤ ਕੀਤੇ ਹਨ | ਉਸ ਨਾਲ ਹਰੇਕ ਜ਼ਿਲ੍ਹੇ ਵਿਚ ਅੱਧੀ ਦਰਜਨ ਤੋਂ ਲੈ ਕੇ ਇਕ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਬਣਨ ਲਈ ਆਪਣੇ ਦਾਅਵੇ ਠੋਕ ਦਿੱਤੇ ਹਨ | ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਕਾਂਗਰਸ ਹਾਈਕਮਾਨ ਦੀ ਸਲਾਹ ਨਾਲ ਪੁਰਾਣੇ ਅਤੇ ਤਜ਼ਰਬੇਕਾਰ, ਮਿਹਨਤੀ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਦਿੰਦੇ ਸਨ ਪਰ ਕੇਂਦਰ ਦੀ ਕਾਂਗਰਸ ਹਾਈਕਮਾਨ ਨੇ ਇਸ ਵਾਰ ਹੇਠਲੇ ਪੱਧਰ 'ਤੇ ਵਰਕਰਾਂ ਦੀ ਗੱਲ ਸੁਣਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਨੂੰ ਥਾਪਣਾ ਹੈ, ਜਿਸ ਤਹਿਤ ਹਰੇਕ ਜ਼ਿਲ੍ਹੇ ਅੰਦਰ ਅਬਜ਼ਰਵਰ ਹਰ ਵਿਧਾਨ ਸਭਾ ਹਲਕੇ ਵਿਚ ਜਾ ਕੇ ਵਰਕਰਾਂ ਦੀ ਨਬਜ਼ ਟਟੋਲ ਰਿਹਾ ਹੈ | ਫ਼ਾਜ਼ਿਲਕਾ ਜ਼ਿਲ੍ਹੇ 'ਚ ਤਾਮਿਲਨਾਡੂ ਦੇ ਇਕ ਸਾਬਕਾ ਸੰਸਦ ਮੈਂਬਰ ਡਾ. ਏ. ਚੇਲਾ ਕੁਮਾਰ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਜੋ ਗੱਲਬਾਤ ਤੋਂ ਤੇਜ਼ ਤਰਾਰ ਆਗੂ ਨਜ਼ਰ ਆ ਰਹੇ ਹਨ ਪਰ ਜਿਸ ਤਰ੍ਹਾਂ ਉਨ੍ਹਾਂ ਕੋਲ ਹਰੇਕ ਵਿਧਾਨ ਸਭਾ ਹਲਕੇ ਤੋਂ ਕਈ ਆਗੂਆਂ ਨੇ ਉਮੀਦਵਾਰੀ ਪੇਸ਼ਕਾਰੀ ਕੀਤੀ ਹੈ ਅਤੇ ਕਾਂਗਰਸੀ ਆਗੂਆਂ ਦੀਆਂ ਕਾਰਵਾਈਆਂ ਤੋਂ ਜਾਪ ਰਿਹਾ ਹੈ ਕਿ ਇਹ ਨੀਤੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਥਾਂ ਨਵੀਆਂ ਧੜੇਬੰਦੀ ਦੀਆਂ ਲੀਹਾਂ ਕਾਇਮ ਕਰੇਗੀ, ਕਿਉਂਕਿ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਖੱਖੜੀਆਂ, ਕਰੇਲਿਆਂ ਵਾਂਗ ਖਿੱਲਰੀ ਪਈ ਹੈ | ਹਰੇਕ ਵਿਧਾਨ ਸਭਾ ਹਲਕੇ ਅਤੇ ਬੀਤੀਆਂ ਲੋਕ ਸਭਾ ਚੋਣਾਂ ਅੰਦਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟ ਫ਼ੀਸਦ ਕਾਂਗਰਸ ਦਾ ਘੱਟ ਰਿਹਾ ਹੈ | 2027 ਦੀਆਂ ਚੋਣਾਂ ਦੌਰਾਨ ਸਖ਼ਤ ਮੁਕਾਬਲੇ ਹੋਣੇ ਜਾਪ ਰਹੇ ਹਨ, ਲਈ ਕਾਂਗਰਸੀ ਆਗੂਆਂ ਵਿਚ ਏਕਤਾ ਜ਼ਰੂਰੀ ਹੈ, ਜਿਸ ਤਰ੍ਹਾਂ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਗੁਰਜੀਤ ਸਿੰਘ ਕੌੜਿਆਂ ਵਾਲੀ ਚੇਅਰਮੈਨ ਲੈਂਡ ਮਾਰਗੇਜ਼ ਬੈਂਕ, ਪੰਜਾਬ ਕਾਂਗਰਸ ਦੇ ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਰਾਜ ਬਖ਼ਸ਼ ਕੰਬੋਜ, ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ ਵਿਕਾਸ ਦੀਪ ਚੌਧਰੀ, ਆਲਾ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸੁਖਵੰਤ ਸਿੰਘ ਬਰਾੜ, ਅਰਨੀਵਾਲਾ ਜ਼ੈਲ ਦੇ ਯੂਥ ਕਾਂਗਰਸੀ ਆਗੂ ਰੂਬੀ ਗਿੱਲ, ਗੁਰਜੀਤ ਗਿੱਲ, ਪ੍ਰਵੀਨ ਭਾਦੂ ਅਬੋਹਰ, ਸਾਬਕਾ ਜ਼ਿਲ੍ਹਾ ਪ੍ਰਧਾਨ ਕੌਸ਼ਲ ਕੁਮਾਰ ਬੂਕ, ਕਵਿਤਾ ਸੋਲੰਕੀ ਮਹਿਲਾ ਕਾਂਗਰਸ, ਵਿਸ਼ਵਦੀਪ ਚੌਧਰੀ, ਪਿ੍ਥਵੀ ਰਾਜ ਦੂਮੜਾ, ਸ਼ਮਿੰਦਰ ਸਿੰਘ ਮਾਨ ਸਾਬਕਾ ਸਰਪੰਚ ਸੁਹੇਲੇ ਵਾਲਾ, ਗੁਰਜੋਤ ਸਿੰਘ ਸੰਧੂ ਆਦਿ ਨੇ ਜਿਥੇ ਦਾਅਵੇ ਪੇਸ਼ ਕੀਤੇ ਹਨ ਉਥੇ ਹੀ ਪ੍ਰਧਾਨ ਬਣਨ ਲਈ ਕਈ ਤਰ੍ਹਾਂ ਨਾਲ ਅਬਜ਼ਰਵਰ ਅੱਗੇ ਆਪਣਾ ਪੱਖ ਮਜ਼ਬੂਤ ਕਰਨ ਵਿਚ ਲੱਗੇ ਹਨ | ਪੰਜਾਬ ਦੇ ਪੁਰਾਣੇ ਕਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਯੂਥ ਕਾਂਗਰਸ ਦੀਆਂ ਚੋਣਾਂ ਕਰਵਾ ਕੇ ਕਾਂਗਰਸ ਹਾਈਕਮਾਨ ਨੇ ਕਈ ਵਿਵਾਦ ਨਵੇਂ ਪੈਦਾ ਕਰ ਲਏ ਹਨ, ਹੁਣ ਜ਼ਿਲ੍ਹਾ ਪ੍ਰਧਾਨ ਦੀ ਚੋਣ ਦਾ ਤਰੀਕਾ ਵੀ ਹੋਰ ਧੜੇਬੰਦੀਆਂ ਨੂੰ ਹੁਲਾਰਾ ਦੇਵੇਗਾ, ਜਿਸ ਦਾ ਖ਼ਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾ ਮੌਕੇ ਕਾਂਗਰਸੀ ਉਮੀਦਵਾਰਾਂ ਨੂੰ ਭੁਗਤਣਾ ਪਵੇਗਾ | ਕੋਈ ਵੀ ਜ਼ਿਲ੍ਹਾ ਪ੍ਰਧਾਨ ਬਣ ਗਿਆ ਬਾਕੀ ਦੇ ਦਾਅਵੇਦਾਰਾਂ 'ਚ ਨਿਰਾਸ਼ਤਾ ਆਉਣ ਸੰਭਾਵਿਕ ਹੈ | ਦਾਅਵੇਦਾਰੀ ਪੇਸ਼ ਕਰਨ ਦਾ ਸਮਾਂ 27 ਸਤੰਬਰ ਤੱਕ ਦਾ ਹੈ | ਕਈ ਹੋਰਾਂ ਆਗੂਆਂ ਵਲੋਂ ਵੀ ਹਾਲੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਨਾਲ ਪ੍ਰਧਾਨ ਬਣਨ ਦੇ ਚਾਹਵਾਨਾਂ ਦੀ ਸੂਚੀ ਹੋਰ ਲੰਬੀ ਹੋ ਜਾਵੇਗੀ |
ਹਿੰਦੀ ਤੇ ਪੰਜਾਬੀ ਤੋਂ ਕੋਰੇ ਅਬਜ਼ਰਵਰ ਕਿਵੇਂ ਲਗਾਉਣਗੇ ਕਾਂਗਰਸ ਦੀ ਬੇੜੀ ਪਾਰ
ਕਾਂਗਰਸ ਹਾਈਕਮਾਨ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਲਈ ਨਿਯੁਕਤ ਕੀਤੇ ਅਬਜ਼ਰਵਰ ਏ. ਚੇਲਾ ਕੁਮਾਰ ਜੋ ਸਿਰਫ਼ ਆਪਣੇ ਸੂਬੇ ਦੀ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਹੀ ਜਾਣਦੇ ਹਨ | ਹਿੰਦੀ ਅਤੇ ਪੰਜਾਬ ਪ੍ਰਤੀ ਬਿਲਕੁਲ ਸਮਝਣ ਅਤੇ ਬੋਲਣ ਵਿਚ ਕੋਰੇ ਹਨ | ਭਾਵੇਂ ਉਹ ਸਟੇਜਾਂ 'ਤੇ ਜਾ ਕੇ ਬੈਠ ਜਾਂਦੇ ਹਨ, ਵੱਖ-ਵੱਖ ਬੁਲਾਰੇ ਜੋ ਮਰਜ਼ੀ ਬੋਲੀ ਜਾਣ ਪਰ ਉਹ ਸਮਝਣ ਵਿਚ ਅਸਮਰਥ ਹੁੰਦੇ ਹਨ | ਜਦ ਉਹ ਆਪ ਖ਼ੁਦ ਸਟੇਜ ਤੋਂ ਬੋਲਦੇ ਹਨ ਤਾਂ ਉਨ੍ਹਾਂ ਦੇ ਭਾਸ਼ਣ ਦਾ ਕੁਝ ਹਿੱਸਾ ਹਿੰਦੀ 'ਚ ਅਨੁਵਾਦ ਕੀਤਾ ਜਾਂਦਾ ਹੈ | ਜੋ ਪੇਂਡੂ ਖੇਤਰ ਦੇ ਲੋਕ ਉਹ ਵੀ ਨਹੀਂ ਸਮਝ ਸਕਦੇ | ਇਸ ਗੱਲ ਬਾਰੇ ਉਨ੍ਹਾਂ ਖ਼ੁਦ ਪੈੱ੍ਰਸ ਕਾਨਫ਼ਰੰਸ ਵਿਚ ਮੰਨਿਆ ਕਿ ਉਹ ਤਾਮਿਲ ਜਾਂ ਅੰਗਰੇਜ਼ੀ ਭਾਸ਼ਾ ਨੂੰ ਹੀ ਸਮਝ ਸਕਦੇ ਹਨ ਜਾਂ ਬੋਲ ਸਕਦੇ ਹਨ | ਇਸ ਤਰ੍ਹਾਂ ਜਿਹੜਾ ਅਬਜ਼ਰਵਰ ਵਰਕਰਾਂ ਦੁਆਰਾ ਕਹੀ ਗਈ ਗੱਲ ਹੀ ਨਹੀਂ ਸਮਝ ਸਕਦਾ ਉਹ ਆਪਣੇ ਕੀ ਵਿਚਾਰ ਹਾਈਕਮਾਨ ਨੂੰ ਦੇਵੇਗਾ | ਇਸ ਗੱਲ ਦੀ ਚਰਚਾ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਸੱਥਾਂ 'ਚ ਹੈ | ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹਾ ਹੈ, ਜੋ ਪਛੜਿਆ ਹੋਇਆ ਅਤੇ ਸਿੱਖਿਆ ਪੱਖੋਂ ਵੀ ਪੰਜਾਬ ਦੇ ਦੂਜੇ ਜ਼ਿਲਿ੍ਹਆਂ ਤੋਂ ਪਿੱਛੇ ਹੈ ਤਾਂ ਫਿਰ ਅਬਜ਼ਰਵਰ ਲਗਾਉਣ ਲੱਗਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਕਿ ਉਹ ਵਰਕਰਾਂ ਦੀ ਗੱਲ ਕਿਵੇਂ ਸੁਣ ਸਕੇਗਾ |