ਅਬੋਹਰ, 27 ਸਤੰਬਰ (ਵਿਵੇਕ ਹੂੜੀਆ)- ਅਭਿਸ਼ੇਕ ਕਾਲਜ ਵਿਖੇ ਕੰਪਿਊਟਰ ਸਾਇੰਸ ਤੇ ਆਈ.ਕਿਊ.ਏ.ਸੀ ਵਿਭਾਗ ਦੇ ਸਹਿਯੋਗ ਨਾਲ ਸਵੈ-ਅਨੁਸ਼ਾਸਨ ਅਕਾਦਮਿਕ ਤੇ ਨਿੱਜੀ ਸਫਲਤਾ ਦੀ ਕੁੰਜੀ ਵਿਸ਼ੇ 'ਤੇ ਇੱਕ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਵਿਸ਼ਵਾਸ ਦੀ ਮਹੱਤਤਾ ਨੂੰ ਉਜਾਗਰ ਕਰਨਾ ਤੇ ਉਨ੍ਹਾਂ ਨੂੰ ਅਕਾਦਮਿਕ ਤੇ ਨਿੱਜੀ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਸੀ | ਡਾ. ਸਤੀਸ਼ ਕੁਮਾਰ ਵਰਮਾ ਪ੍ਰੋਫੈਸਰ ਐਮਰੀਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਇਸ ਮੌਕੇ ਮੁੱਖ ਬੁਲਾਰੇ ਵਜੋਂ ਕਾਲਜ ਪਹੁੰਚੇ | ਆਈ.ਕਿਊ.ਏ.ਸੀ ਕਨਵੀਨਰ ਸ਼੍ਰੀਮਤੀ ਪਿ੍ਅੰਕਾ ਜੁਨੇਜਾ ਨੇ ਆਏ ਹੋਏ ਬੁਲਾਰਿਆਂ ਡਾ. ਸਤੀਸ਼ ਕੁਮਾਰ ਵਰਮਾ, ਕਾਲਜ ਚੇਅਰਮੈਨ ਰਮਣੀਕ ਮਿੱਡਾ, ਅਭਿਸ਼ੇਕ ਮਿੱਡਾ, ਸੰਜੀਵ ਮਿੱਡਾ, ਪਿ੍ੰਸੀਪਲ ਡਾ. ਰਾਜਵੀਰ ਕੌਰ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਨੂੰ ਦੀਵਾ ਜਗਾਉਣ ਲਈ ਸੱਦਾ ਦਿੱਤਾ | ਕਾਲਜ ਪਿ੍ੰਸੀਪਲ ਡਾ. ਰਾਜਵੀਰ ਕੌਰ ਨੇ ਸਰੋਤ ਵਿਅਕਤੀ ਡਾ. ਸਤੀਸ਼ ਕੁਮਾਰ ਵਰਮਾ ਨਾਲ ਜਾਣ-ਪਛਾਣ ਕਰਵਾਈ, ਉਨ੍ਹਾਂ ਦੇ ਵਿੱਦਿਅਕ ਯੋਗਦਾਨ ਤੇ ਅਨੁਭਵ 'ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ | ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਆਤਮ-ਵਿਸ਼ਵਾਸ ਜ਼ਿੰਦਗੀ 'ਚ ਸਫਲਤਾ ਦੀ ਕੁੰਜੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਡਰ ਤੇ ਝਿਜਕ ਨੂੰ ਤਿਆਗਣ ਤੇ ਸਕਾਰਾਤਮਿਕ ਸੋਚ ਤੇ ਦਿ੍ੜ੍ਹਤਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਆਪਣੇ ਜੀਵਨ ਦੀਆਂ ਕੁੱਝ ਮਹੱਤਵਪੂਰਨ ਸੂਝਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਅੰਤ ਵਿਚ, ਚੇਅਰਮੈਨ ਰਮਣੀਕ ਮਿੱਢਾ ਨੇ ਮੁੱਖ ਬੁਲਾਰੇ, ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਧੰਨਵਾਦ ਮਤਾ ਪੇਸ਼ ਕੀਤਾ ਤੇ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |