ਫ਼ਾਜ਼ਿਲਕਾ, 6 ਦਸੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੀ ਅਗਵਾਈ ਅਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਡਰਾਈ ਡੇ ਫਰਾਇਡੇ ਅਧੀਨ ਸਕੂਲਾਂ ਵਿਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ | ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮੀ ਤਬਦੀਲੀਆਂ ਅਤੇ ਵੱਧ ਰਹੇ ਮੱਛਰ-ਜਨਿਤ ਰੋਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਿਆਂ ਨੂੰ ਸ਼ੁਰੂ ਤੋਂ ਹੀ ਰੋਕਥਾਮ ਬਾਰੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ | ਸਕੂਲਾਂ ਵਿਚ ਅੱਜ ਵਿਸ਼ੇਸ਼ ਸੈਮੀਨਾਰ, ਪੋਸਟਰ ਮੇਕਿੰਗ , ਕਵਿਜ਼ ਅਤੇ ਡੈਮੋਨਸਟਰੇਸ਼ਨ ਸੈਸ਼ਨ ਆਯੋਜਿਤ ਕੀਤੇ ਗਏ | ਸਿਹਤ ਵਿਭਾਗ ਦੀਆਂ ਟੀਮਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਘਰ ਜਾਂ ਸਕੂਲ ਦੇ ਆਸ-ਪਾਸ ਜੇ ਕਿਤੇ ਵੀ ਪਾਣੀ 7-10 ਦਿਨ ਖੜ੍ਹਾ ਰਹਿ ਜਾਵੇ, ਤਾਂ ਮੱਛਰ ਤੇਜ਼ੀ ਨਾਲ ਪੈਦਾ ਹੁੰਦੇ ਹਨ | ਇਸ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਂਦੇ ਹੋਏ ਪਾਣੀ ਵਾਲੀਆਂ ਸਭ ਚੀਜ਼ਾਂ-ਜਿਵੇਂ ਕੁੱਲਰ, ਟੈਂਕੀ, ਬਾਲਟੀ, ਫੁੱਲਦਾਨ, ਪੁਰਾਣੇ ਟਾਇਰ ਆਦਿ-ਦਾ ਪੂਰਾ ਨਿਰਿਕਸ਼ਣ ਕਰਨਾ ਬਹੁਤ ਮਹੱਤਵਪੂਰਨ ਹੈ | ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿਚ ਮਾਪਿਆਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਸਮੁੱਚਾ ਸਮਾਜ ਇਸ ਮੁਹਿੰਮ ਦਾ ਹਿੱਸਾ ਬਣੇ | ਸਿਹਤ ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਡੇਂਗੂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੱਛਰਾਂ ਦੇ ਬਰੀਡਿੰਗ ਸਥਾਨਾਂ ਨੂੰ ਮੁਕੰਮਲ ਤੌਰ 'ਤੇ ਖ਼ਤਮ ਕਰਨਾ ਹੈ | ਅਧਿਆਪਕਾਂ ਨੇ ਵੀ ਸਿਹਤ ਵਿਭਾਗ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਮੁਹਿੰਮ ਬੱਚਿਆਂ ਵਿਚ ਸਿਹਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਜਗਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਸਕੂਲ ਵਿਚ ਇਹ ਗਤੀਵਿਧੀਆਂ ਕੀਤੀਆਂ ਗਈਆਂ. ਉਨ੍ਹਾਂ ਕਿਹਾ ਕਿ ਡਰਾਈ ਡੇ ਫਰਾਇਡੇ ਨੂੰ ਸਿਰਫ਼ ਇੱਕ ਦਿਨ ਦੀ ਕਾਰਵਾਈ ਨਾ ਸਮਝਿਆ ਜਾਵੇ, ਬਲਕਿ ਇਸ ਨੰੂ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ |