ਅਜਨਾਲਾ, ਚਮਿਆਰੀ 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ)-ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹੜ੍ਹ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਹਲਕਾ ਅਜਨਾਲਾ 'ਚ ਪੁੱਜੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕੁਟਾਰੀਆ ਨੂੰ ਭਾਰਤ ਪਾਕਿ ਸਰਹੱਦ ਉੱਤੇ ਵਸੇ ਅਜਨਾਲਾ ਹਲਕੇ ਦੀਆਂ ਸਮੱਸਿਆਵਾਂ ਅਤੇ ਹੁਣ ਹੜ੍ਹ ਨਾਲ ਆਈ ਕੁਦਰਤੀ ਆਫਤ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਸਾਨੂੰ ਇਸ ਸੰਕਟ ਵਿਚੋਂ ਉਭਰਨ ਲਈ ਕਈ ਸਾਲ ਲੱਗਣੇ ਹਨ ਅਤੇ ਅਸੀਂ ਕੁਦਰਤ ਵਲੋਂ ਦਿੱਤੀ ਹੋਈ ਆਫਤ ਨਾਲ ਪਿਛਲੇ ਕਈ ਦਿਨਾਂ ਤੋਂ ਦੋ ਚਾਰ ਹੋ ਰਹੇ ਹਾਂ ਜਿਸ ਨਾਲ ਸਾਡਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪੈਰਾਂ 'ਤੇ ਹੋਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਆਰਥਿਕ ਮਦਦ ਦੇਵੇ | ਹਲਕੇ ਵਾਸਤੇ ਕੇਂਦਰ ਸਰਕਾਰ ਤੋਂ 2 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗਦਿਆਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਇਹ ਲੋਕ ਉਹ ਲੋਕ ਹਨ ਜੋ ਭਾਰਤ ਪਾਕਿ ਜੰਗ ਸਮੇਂ ਹਮੇਸ਼ਾ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਹਨ ਇਸੇ ਕਰਕੇ ਇਨ੍ਹਾਂ ਨੂੰ ਦੂਜੀ ਰੱਖਿਆ ਪੰਕਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਸ. ਧਾਲੀਵਾਲ ਨੇ ਕਿਹਾ ਕਿ ਅੱਜ ਜਦੋਂ ਸਾਡੇ ਉੱਤੇ ਕੁਦਰਤ ਦਾ ਸੰਕਟ ਆਇਆ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਸਾਡੀ ਬਾਂਹ ਫੜਨੀ ਚਾਹੀਦੀ | ਇਸ ਮੌਕੇ ਉਨ੍ਹਾਂ ਨਾਲ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਅਮਿ੍ਤਪਾਲ ਸਿੰਘ ਸੁੱਖਾਨੰਦ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਐੱਸ.ਐੱਸ.ਪੀ ਮਨਿੰਦਰ ਸਿੰਘ, ਬਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਹਲਕਾ ਵਿਧਾਇਕ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਅਜਨਾਲਾ ਹਲਕੇ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ <br/>
ਅਜੀਤ ਡੈਸਕ
03-09-2025