ਅੰਮਿ੍ਤਸਰ, 4 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਵਲੋਂ ਅਸਟੇਟ ਵਿਭਾਗ ਦੇ ਇਕ ਕਲਰਕ ਨੂੰ ਗਲਤ ਰਿਪੋਰਟ ਦੇਣ 'ਤੇ ਮੁਅਤਲ ਕਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਥਾਨਕ ਲਾਹੌਰੀ ਗੇਟ ਸਥਿਤ ਇਕ ਦੁਕਾਨ ਜੋ ਲੰਬੇ ਸਮੇਂ ਤੋਂ ਬੰਦ ਪਈ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਦੁਕਾਨ ਨੂੰ ਕਿਸੇ ਵਲੋਂ ਖੋਲਿ੍ਹਆ ਗਿਆ | ਜਿਸ ਉਪਰੰਤ ਅਸਟੇਟ ਵਿਭਾਗ ਵਲੋਂ ਉਕਤ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਸੀ | ਜਦੋਂ ਕਿ ਦੁਕਾਨ 'ਤੇ ਕਾਬਜ਼ ਲੋਕਾਂ ਦਾ ਕਹਿਣਾ ਸੀ | ਉਕਤ ਦੁਕਾਨ ਉਨ੍ਹਾਂ ਦੇ ਪਿਤਾ ਨੂੰ ਅਲਾਟ ਹੋਈ ਸੀ ਅਤੇ ਜਿਸ ਦੀ ਮੌਤ ਹੋਣ ਕਰਕੇ ਇਹ ਦੁਕਾਨ ਕਾਫੀ ਚਿਰ ਬੰਦ ਰਹੀ ਅਤੇ ਹੁਣ ਉਹ ਖੋਲ ਰਹੇ ਹਨ | ਉਕਤ ਮਾਮਲੇ ਦੀ ਪੜਤਾਲ ਦੀ ਜ਼ਿੰਮੇਵਾਰੀ ਪਿਛਲੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਕਲਰਕ ਪ੍ਰਨਵ ਕੁਮਾਰ ਨੂੰ ਸੌਂਪੀ ਗਈ | ਜਿਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਗਲਤ ਅਤੇ ਗੁਮਰਾਹਕੁੰਨ ਦਸਦੇ ਹੋਏ ਨਿਗਮ ਦੇ ਮੌਜੂਦਾ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਉਕਤ ਕਲਰਕ ਨੂੰ ਮੁਅਤਲ ਕਰ ਦਿੱਤਾ ਹੈ | ਦੂਸਰੇ ਪਾਸੇ ਕਲਰਕ ਪ੍ਰਨਵ ਕੁਮਾਰ ਦਾ ਕਹਿਣਾ ਹੈ ਉਸ ਵਲੋਂ ਦਿੱਤੀ ਗਈ ਰਿਪੋਰਟ ਬਿਲਕੁਲ ਸਹੀ ਹੈ |