ਅੰਮਿ੍ਤਸਰ, 4 ਸਤੰਬਰ (ਹਰਮਿੰਦਰ ਸਿੰਘ)-ਲਗਾਤਾਰ ਮੀਂਹ ਕਾਰਨ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ 'ਚ ਬੀਤੇ ਦੋ ਦਿਨਾਂ 'ਚ 7 ਪੁਰਾਣੀਆਂ ਇਮਾਰਤਾਂ ਢਹਿ ਗਈਆਂ ਹਨ ਅਤੇ ਕਈ ਢਹਿਣ ਦੀ ਕਿਨਾਰੇ 'ਤੇ ਹਨ | ਮਜੀਠ ਮੰਡੀ 'ਚ ਇਕ ਬਹੁਤ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਹੈ ਜੋ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨਾਲ ਸਥਾਨਕ ਲੋਕਾਂ ਨੇ ਸੰਪਰਕ ਕੀਤਾ ਅਤੇ ਇਮਾਰਤ ਦੇ ਡਿੱਗਣ ਦਾ ਡਰ ਪ੍ਰਗਟ ਕਰਦੇ ਹੋਏ ਇਸ ਦੀ ਸ਼ਿਕਾਇਤ ਕੀਤੀ ਕਿ ਜੇਕਰ ਇਹ ਇਮਾਰਤ ਡਿੱਗਦੀ ਹੈ ਤਾਂ ਬਹੁਤ ਸਾਰਾ ਜਾਨੀ ਨੁਕਸਾਨ ਹੋ ਸਕਦਾ ਹੈ | ਇਸ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੀ | ਉਨ੍ਹਾਂ ਇਮਾਰਤ ਦੇ ਮਾਲਕ ਦਾ ਪਤਾ ਲਗਾਉਣ ਲਈ ਚੇਤਾਵਨੀ ਦਿੱਤੀ ਕਿ ਇਸ ਇਮਾਰਤ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਇਸਨੂੰ ਢਾਹ ਦਿੱਤਾ ਜਾਵੇਗਾ ਤਾਂ ਜੋ ਇਸ ਇਮਾਰਤ ਦੇ ਡਿੱਗਣ ਨਾਲ ਹੋਣ ਵਾਲੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਇਮਾਰਤ ਦਾ ਮਾਲਕ ਬਹੁਤ ਸਮੇਂ ਤੋਂ ਸਾਹਮਣੇ ਨਹੀਂ ਆ ਰਿਹਾ ਸੀ, ਪਰ ਜਦੋਂ ਕਾਰਵਾਈ ਦਾ ਪਤਾ ਲਗਾ ਤਾਂ ਅੱਧੇ ਘੰਟੇ 'ਚ ਉਹ ਸੀਨੀਅਰ ਡਿਪਟੀ ਮੇਅਰ ਦੇ ਦਫ਼ਤਰ ਪਹੁੰਚ ਗਏ | ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਤਿੰਨ ਤੋਂ ਚਾਰ ਦਿਨਾਂ ਵਿਚ ਉਹ ਇਸ ਇਮਾਰਤ ਦੀ ਮੁਰੰਮਤ ਸ਼ੁਰੂ ਕਰ ਦੇਣਗੇ |