ਅੰਮਿ੍ਤਸਰ, 5 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਦੇ ਬਿਸ਼ਪ, ਅਤੇ ਸੀ. ਐੱਨ. ਆਈ. ਦੇ ਐਕਟਿੰਗ ਡਿਪਟੀ ਮਾਡਰੇਟਰ ਦ ਰਾਈਟ ਰੈਵਰੈਂਡ ਮਨੋਜ ਚਰਨ ਨੇ ਆਪਣੀ ਪਤਨੀ ਦ ਰਾਈਟ ਰੈਵਰੈਂਡ ਨੀਨਾ ਚਰਨ ਬਿਸ਼ਪ, ਡਾਇਓਸਿਸ ਆਫ ਭੋਪਾਲ ਸੀ. ਐਨ. ਆਈ. ਦੇ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪੰਜਾਬ ਖਾਸ ਕਰਕੇ ਅੰਮਿ੍ਤਸਰ ਦੇ ਸਰਹੱਦੀ ਖੇਤਰ 'ਚ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਪੀੜਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਬਿਸ਼ਪ ਮਨੋਜ ਚਰਨ ਨੇ ਕਿਹਾ ਕਿ ਹਾਸ਼ੀਏ 'ਤੇ ਪਏ ਅਪਾਹਜ ਅਤੇ ਬਜ਼ੁਰਗ ਹੜ੍ਹ ਪੀੜਤਾਂ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਡਾਇਓਸਿਸ ਨੇ ਇਹ ਯਕੀਨੀ ਬਣਾਉਣ ਲਈ ਇੱਕ ਯੋਜਨਾਬੱਧ ਅਤੇ ਵਿਆਪਕ ਪਹੁੰਚ ਅਪਣਾਈ ਹੈ ਕਿ ਕੋਈ ਵੀ ਰਾਹਤ ਅਤੇ ਰਾਸ਼ਨ ਤੋਂ ਵਾਂਝਾ ਨਾ ਰਹੇ, ਅਤੇ ਹਰ ਕਿਸੇ ਨੂੰ ਸਹੀ ਸਹਾਇਤਾ ਮਿਲੇ | ਅੰਮਿ੍ਤਸਰ ਡਾਇਓਸਿਸਨ ਟਰੱਸਟ ਐਸੋਸੀਏਸ਼ਨ ਦੇ ਸਕੱਤਰ ਡੈਨੀਅਲ ਬੀ. ਦਾਸ ਦੇ ਅਨੁਸਾਰ, ਡਾਇਓਸਿਸ ਨੇ ਸਭ ਤੋਂ ਗਰੀਬ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਰਾਹਤ ਸਮੱਗਰੀ ਦੀ ਲੋੜ ਹੈ | ਹਰ ਕੋਈ ਭਾਵੇਂ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ, ਇਕੋ ਜਿਹੀ ਮਾਤਰਾ 'ਚ ਰਾਹਤ ਸਮੱਗਰੀ ਪ੍ਰਾਪਤ ਕਰ ਰਿਹਾ ਹੈ | ਇਸ ਮੌਕੇ ਡਾਇਓਸਿਸ ਆਫ਼ ਅੰਮਿ੍ਤਸਰ, ਸੀ. ਐੱਨ. ਆਈ. ਦੇ ਪ੍ਰਸ਼ਾਸਕ ਰੇਵ ਅਯੂਬ ਡੈਨੀਅਲ, ਡਾਇਓਸਿਸ ਦੇ ਵਿੱਤ ਅਧਿਕਾਰੀ ਓਮ ਪ੍ਰਕਾਸ਼, ਡਾਇਓਸਿਸ ਦੇ ਸਮਾਜਿਕ ਸਸ਼ਕਤੀਕਰਨ ਅਤੇ ਸਿੱਖਿਆ ਪ੍ਰੋਜੈਕਟ ਦੇ ਪ੍ਰੋਜੈਕਟ ਅਧਿਕਾਰੀ ਸੈਮਸਨ ਰਾਮ, ਖ਼ਜ਼ਾਨਚੀ ਸੈਮੂਅਲ ਭੱਟੀ, ਅਲਵਾਨ ਮਸੀਹ, ਬਿਸ਼ਪ ਦੇ ਚੈਪਲੇਨ ਰੇਵ ਮਾਰਕਸ ਮਸੀਹ, ਕਾਨੂੰਨੀ ਸਲਾਹਕਾਰ ਸੁਸ਼ੀਲ ਡੈਨੀਅਲ, ਬੇਰਿੰਗ ਸਕੂਲ ਅਜਨਾਲਾ ਦੀ ਪਿ੍ੰਸੀਪਲ ਮਨਦੀਪ ਡੈਨੀਅਲ, ਸ੍ਰੀਮਤੀ ਪ੍ਰਵੇਸ਼ ਅਤੇ ਡਾਇਓਸਿਸ ਦੇ ਵਲੰਟੀਅਰ ਵੀ ਮੌਜੂਦ ਸਨ |