ਅੰਮਿ੍ਤਸਰ, 5 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ 'ਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਅੱਜ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਉਪਰੰਤ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਅਤੇ ਬਘੇਲ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹ ਮਹਿਜ ਕੁਦਰਤੀ ਕਹਿਰ ਨਹੀਂ ਬਲਕਿ ਇਸ ਤਬਾਹੀ ਦੀ ਜਿੰਮੇਵਾਰ ਸੂਬਾ ਸਰਕਾਰ ਵੀ ਹੈ ਕਿਉਂਕਿ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਅਗਾਊਾ ਠੋਸ ਪ੍ਰਬੰਧ ਨਹੀਂ ਕੀਤੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਅਜਨਾਲਾ ਤਹਿਸੀਲ 'ਚ ਵੱਡੇ ਪੱਧਰ 'ਤੇ ਤਬਾਹੀ ਹੋਈ ਹੈ ਫ਼ਸਲਾਂ, ਘਰ, ਪਸ਼ੂਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਆਗੂਆਂ ਮੰਗ ਕੀਤੀ ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਤੁਰੰਤ 100 ਫੀਸਦੀ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ | ਇਸ ਦੇ ਨਾਲ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਸੜਕਾਂ ਚੌੜੀਆਂ ਤੇ ਉੱਚੀਆਂ ਕਰਨ ਲਈ ਪਹਾੜ, ਦਰੱਖਤ ਕੱਟੇ ਜਾ ਰਹੇ ਹਨ, ਉਸ ਨਾਲ ਵਾਤਾਵਰਨ ਦਾ ਸੰਤੁਲਨ ਖ਼ਰਾਬ ਹੋ ਰਿਹਾ ਹੈ | ਮੌਸਮੀ ਚੱਕਰ ਵੀ ਬਦਲ ਰਿਹਾ ਹੈ ਜਦਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਸੜਕਾਂ ਜ਼ਮੀਨ ਤੋਂ 16-16 ਫੁੱਟ ਉੱਚੀਆਂ ਬਣਾਈਆਂ ਜਾ ਰਹੀਆਂ ਉਸ ਨਾਲ ਪਾਣੀ ਨੂੰ ਧੱਕ ਲੱਗਦੀ ਹੈ ਤੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਇਸ ਨਾਲ ਵੀ ਵਧੇਰੇ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਜਿੱਥੇ ਤਰੱਕੀ ਦੇ ਨਾਮ ਹੇਠ ਰੁੱਖਾਂ, ਪਹਾੜਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਗਈ ਹੈ, ਉੱਥੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਟੀ. ਐੱਸ. ਯੂ. ਤੋਂ ਕਿਰਸਨ ਸਿੰਘ ਔਲਖ, ਮਲਕੀਤ ਸਿੰਘ ਸਹਿੰਸਰਾ, ਸੁਮੀਤ ਸਿੰਘ ਤਰਕਸ਼ੀਲ ਸੁਸਾਇਟੀ, ਬਾਬਾ ਰਾਜਨ ਸਿੰਘ, ਹਰਚਰਨ ਸਿੰਘ ਮੱਧੀਪੁਰ, ਜਗਜੀਵਨ ਸਿੰਘ ਤਲਵੰਡੀ, ਕੁਲਬੀਰ ਜੇਠੂਵਾਲ, ਪਰਗਟ ਸਿੰਘ ਧਰਮਕੋਟ, ਰੁਪਿੰਦਰ ਸਿੰਘ ਮੱਧੂਛਾਂਗਾ, ਮੰਗਲ ਸਿੰਘ ਗੋਸਲ, ਨਰਿੰਦਰ ਸਿੰਘ ਭਿੱਟੇਵੱਡ, ਬਲਦੇਵ ਸਿੰਘ ਫੌਜੀ, ਪਰਗਟ ਸਿੰਘ ਚਾੜਪੁਰ ਆਦਿ ਹਾਜ਼ਰ ਸਨ |