ਅੰਮਿ੍ਤਸਰ/ਰਮਦਾਸ/ਅਜਨਾਲਾ, 5 ਸਤੰਬਰ (ਜੱਸ, ਵਾਹਲਾ, ਢਿੱਲੋਂ)-ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਵਿਚ ਪਏ ਪਾੜ ਪੂਰਨ ਲਈ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਹਿਯੋਗ ਕਰਨ | ਅੱਜ ਅਜਨਾਲਾ ਤੇ ਰਮਦਾਸ, ਖੇਤਰਾਂ ਦੇ ਪਿੰਡਾਂ ਘੋਨੇਵਾਲ, ਮਹਿਮਦ ਮੰਦਰਾਂ ਵਾਲਾ, ਕੋਟਕਪੁਰ ਬਖਸ਼, ਰਮਦਾਸ ਆਦਿ ਪਿੰਡਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਅਤੇ ਉਨ੍ਹਾਂ ਨੂੰ ਪਸ਼ੂਆਂ ਦਾ ਚਾਰਾ, ਚੋਕਰ, ਡੀਜ਼ਲ, ਪੀਣ ਵਾਲਾ ਪਾਣੀ, ਗੱਦੇ ਤੇ ਹੋਰ ਲੋੜੀਂਦੀ ਰਾਹਤ ਸਮੱਗਰੀ ਪ੍ਰਦਾਨ ਕਰਨ ਉਪ੍ਰੰਤ ਘੋਨੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਅੱਜ ਵੀ ਵੱਖ-ਵੱਖ ਪਿੰਡਾਂ ਵਿਚ ਜਾ ਕੇ ਆਏ ਹਾਂ | ਕਈ ਪਿੰਡਾਂ ਵਿਚ ਲੋਕਾਂ ਦੇ ਘਰਾਂ ਦੀ ਹੜ੍ਹਾਂ ਨਾਲ ਬਹੁਤ ਜ਼ਿਆਦਾ ਮਾੜੀ ਹਾਲਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਟੁੱਟੇ ਧੁੱਸੀ ਬੰਨ੍ਹਾਂ ਦੇ ਪਾੜਾਂ ਨੂੰ ਪੂਰਨ ਲਈ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕਾਰਜ ਜਾਰੀ ਹਨ ਤੇ ਇਸ ਲਈ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਵਿੱਚੋਂ ਵੀ ਲੋਕ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਤੇ ਬੰਨ੍ਹਾਂ ਦੀ ਮੁਰਮੰਤ ਲਈ ਮਿੱਟੀ ਦੀਆਂ ਟਰਾਲੀਆਂ, ਪਸ਼ੂਆਂ ਵਾਲੀ ਫੀਡ, ਚਾਰਾ ਤੇ ਹੋਰ ਰਾਹਤ ਸਮੱਗਰੀ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਹਨ, ਜੋ ਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਤ ਚੰਗਾ ਸੰਕੇਤ ਹੈ | ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ ਹੋਰਨਾਂ ਸੰਗਤਾਂ ਨਾਲ ਕਈ ਪਿੰਡਾਂ ਦੇ ਘਰਾਂ ਵਿਚ ਜਾ ਕੇ ਪਸ਼ੂਆਂ ਨੂੰ ਖੁਦ ਚਾਰਾ ਵੀ ਖਵਾਇਆ | ਇਸ ਮੌਕੇ ਉਨ੍ਹਾਂ ਨਾਲ ਬਾਬਾ ਸਤਿਨਾਮ ਸਿੰਘ ਗੁਰੂ ਕਾ ਬਾਗ, ਬਾਬਾ ਗੁਰਜੀਤ ਸਿੰਘ ਕੁੱਲੀ ਵਾਲੇ ਵੀ ਹਾਜ਼ਰ ਸਨ |