ਅੰਮਿ੍ਤਸਰ, 23 ਨਵੰਬਰ (ਜਸਵੰਤ ਸਿੰਘ ਜੱਸ)-ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਚੀਫ਼ ਕਮਿਸ਼ਨਰ ਇਨਕਮ ਟੈਕਸ (ਸੇਵਾ ਮੁਕਤ) ਅਤੇ ਸਿੱਖ ਵਿਦਵਾਨ ਸੁਰਿੰਦਰਜੀਤ ਸਿੰਘ ਪਾਲ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਰਣਜੀਤ ਐਵੀਨਿਊ ਸਥਿਤ 'ਸੱਚ ਸੈਂਟਰ' ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ | ਇਸ ਮੌਕੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਭਾਈ ਸੁਰਿੰਦਰ ਸਿੰਘ ਅਰੋੜਾ ਦੇ ਕੀਰਤਨੀ ਜਥੇ ਵਲੋਂ ਵਿਆਖਿਆ ਸਹਿਤ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਪਿ੍ੰ: ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮਿ੍ਤਸਰ ਵਿਕਾਸ ਮੰਚ ਨੇ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ, ਗੁਰੂ ਸਾਹਿਬ ਦੁਆਰਾ ਰਚੀ ਗੁਰਬਾਣੀ ਅਤੇ ਸਿੱਖ ਧਰਮ ਵਿਚ ਸ਼ਹੀਦੀ ਦੇ ਸੰਕਲਪ ਬਾਰੇ ਗੁਰਮਤਿ ਵਿਚਾਰ ਪ੍ਰਗਟ ਕੀਤੇ | ਪ੍ਰੋ. ਤਜਿੰਦਰ ਪਾਲ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਭਾਵਪੂਰਤ ਕਵਿਤਾ ਪੇਸ਼ ਕੀਤੀ | ਪ੍ਰਧਾਨ ਸੁਰਿੰਦਰਜੀਤ ਸਿੰਘ ਪਾਲ ਆਈ. ਆਰ. ਐੱਸ. ਅਤੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਵਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵਕਤਾਵਾਂ ਨੂੰ ਸਿਰੋਪਾਓ ਅਤੇ ਸ. ਪਾਲ ਰਚਿਤ ਵੱਡ-ਆਕਾਰੀ ਧਾਰਮਿਕ ਖੋਜ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਸੰਚਾਲਕ ਪਾਲ ਨੇ ਐਲਾਨ ਕੀਤਾ ਕਿ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਜਿਹੜੇ ਵਿਦਿਆਰਥੀ ਪੜ੍ਹਾਈ ਜਾਰੀ ਰੱਖਣ ਤੋਂ ਅਸਮਰੱਥ ਹਨ, ਨੂੰ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਤਿਆਰ ਇਕ ਵਿੱਦਿਅਕ ਫਿਲਮ 'ਸਿ੍ਸ਼ਟੀ ਦੀ ਚਾਦਰ-ਗੁਰੂ ਤੇਗ਼ ਬਹਾਦਰ' ਨੂੰ ਦਸੰਬਰ ਮਹੀਨੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਜਾਵੇਗਾ | ਇਸ ਮੌਕੇ ਫਿਲਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ | ਸਟੇਜ ਸੰਚਾਲਨ ਦੀ ਜਿੰਮੇਵਾਰੀ ਹਰਪਾਲ ਸਿੰਘ ਆਹਲੂਵਾਲੀਆ ਵਲੋਂ ਨਿਭਾਈ ਗਈ | ਧਾਰਮਿਕ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਨਾਰੰਗ ਸੀ. ਏ., ਕੁਲਵਿੰਦਰ ਸਿੰਘ ਮਰਵਾਹਾ, ਡਾ. ਜਗਜੀਤ ਸਿੰਘ ਜੱਗਾ, ਪ੍ਰੋ. ਰਾਜਵਿੰਦਰਜੀਤ ਸਿੰਘ, ਬੀਬੀ ਡੌਲੀ ਅਤੇ ਅੰਤਰਰਾਸ਼ਟਰੀ ਕੀਰਤਨ ਸੰਸਥਾ 'ਗਾਇਨੀ' ਦੇ ਕੀਰਤਨੀ ਜਥੇ ਦੀਆਂ ਰਾਗੀ ਬੀਬੀਆਂ ਸਮੇਤ ਹੋਰ ਸੰਗਤਾਂ ਸ਼ਾਮਿਲ ਹੋਈਆਂ |