ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਣ ਤੋਂ ਬਾਅਦ ਅੱਜ ਬਲਾਕ ਸੰਮਤੀ ਹਰਛਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਦੇ ਸੰਮਤੀ ਉਮੀਦਵਾਰਾਂ ਦੇ ਨਾਜ਼ਦਗੀਆਂ ਦੀ ਦੇਰ ਰਾਤ ਤੱਕ ਪੜਤਾਲ ਨਾ ਹੋਣ ਕਾਰਨ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ | ਜਿਸ ਕਾਰਨ ਵੱਖ-ਵੱਖ ਪਾਰਟੀਆਂ ਦੇ ਸਾਰੇ ਸੰਮਤੀ ਉਮੀਦਵਾਰ ਰਿਟਰਨਿੰਗ ਅਫਸਰ/ਉੱਪ ਮੰਡਲ ਮੈਜਿਸਟਰੇਟ ਦੇ ਦਫਤਰ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਦੁਪਹਿਰ ਕਰੀਬ 3 ਵਜੇ ਤੋਂ ਲੈ ਕੇ ਦੇਰ ਰਾਤ 10 ਵਜੇ ਤੱਕ ਚੱਕਰ ਲਾਉਂਦੇ ਵੇਖੇ ਗਏ | ਐਸ. ਡੀ. ਐਮ. ਲੋਪੋਕੇ ਦਫਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਰਹਿ ਗਈ ਹੈ ਜਿਨ੍ਹਾਂ ਕਾਰਨ ਦੇਰੀ ਹੋਈ ਹੈ | ਦੱਸਣਯੋਗ ਹੈ ਕਿ ਬਲਾਕ ਸੰਮਤੀ ਹਰਸ਼ਾ ਛੀਨਾ ਲਈ 64 ਅਤੇ ਬਲਾਕ ਸੰਮਤੀ ਚੋਗਾਵਾਂ ਲਈ 75 ਸੰਮਤੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖਲ ਹੋਈਆਂ ਸਨ | ਜਿਸ ਸਬੰਧੀ ਖੁਸ਼ਪ੍ਰੀਤ ਸਿੰਘ ਐਸ.ਡੀ.ਐਮ. ਲੋਪੋਕੇ ਨੇ ਬੀਤੇ ਕੱਲ੍ਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸੂਬਾ ਚੋਣ ਕਮਿਸ਼ਨ ਵਲੋਂ ਬਲਾਕ ਸੰਮਤੀ ਚੋਣਾਂ ਲਈ ਸਮਾਂ ਸਾਰਨੀ ਅਨੁਸਾਰ 5 ਦਸੰਬਰ ਨੂੰ ਨਾਮਜ਼ਦਗੀਆਂ ਦੇ ਪੱਤਰਾਂ ਦੀ ਪੜਤਾਲ ਕੀਤੀ ਜਾਣੀ ਹੈ ਅਤੇ 6 ਦਸੰਬਰ ਨੂੰ ਉਮੀਦਵਾਰ ਆਪਣੇ ਪੱਤਰ ਵਾਪਸ ਲੈ ਸਕਣਗੇ | ਪ੍ਰੰਤੂ ਦੇਰ ਰਾਤ ਤੱਕ ਐਸ.ਡੀ.ਐਮ. ਦਫਤਰ ਲੋਪੋਕੇ ਵਲੋਂ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ | ਜਿਸ ਕਾਰਨ ਸਾਰੇ ਉਮੀਦਵਾਰ ਖੱਜਲ ਖੁਆਰ ਹੁੰਦੇ ਰਹੇ |