ਅੰਮਿ੍ਤਸਰ, 5 ਦਸੰਬਰ (ਰੇਸ਼ਮ ਸਿੰਘ)-ਵਿਧਾਨ ਸਭਾ 'ਚ ਖਾਲਿਸਤਾਨੀ ਪੱਖੀ ਇਕ ਵਿਧਾਇਕ ਨੂੰ ਮਰਨੋਪ੍ਰਾਂਤ ਸ਼ਰਧਾਂਜਲੀ ਦੇਣ ਦੇ ਵਿਰੋਧ 'ਚ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਚਰਚਿਤ ਹੋਏ ਤੇ ਮੌਜੂਦਾ ਸੀਨੀ: ਕਾਂਗਰਸੀ ਆਗੂ ਜਸਵੰਤ ਸਿੰਘ ਆਜ਼ਾਦ ਨੇ ਹੁਣ ਕੁਝ ਸਾਬਕਾ ਅਕਾਲੀ ਆਗੂਆਂ, ਮੰਤਰੀਆਂ ਤੇ ਵਿਧਾਇਕਾਂ 'ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਾਏ ਹਨ ਜਿਨਾਂ ਬਕਾਇਦਾ ਦਲਿਤ ਅਕਾਲੀ ਆਗੂਆਂ ਤੇ ਮੰਤਰੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਸ਼ਹਿਰ 'ਚ ਕੰਧਾਂ 'ਤੇ ਚਿਪਕਾਏ ਗਏ ਹਨ ਤੇ ਕਿਹਾ ਕਿ ਇਨਾਂ 'ਚੋਂ ਕਈਆਂ ਨੇ ਸਰਕਾਰੀ ਅਹੁਦਿਆਂ ਦੇ ਲਾਲਚ 'ਚ ਆਪਣੇ ਹੀ ਗਰੀਬ ਭਰਾਵਾਂ ਦੇ ਹੱਕ ਮਾਰ ਲਏ ਤੇ ਕਦੇ ਵੀ ਦਲਿਤਾਂ ਦੇ ਮੁੱਦੇ ਉਜਾਗਰ ਨਹੀਂ ਕੀਤੇ | ਅੱਜ ਇਥੇ ਜ਼ਿਲਾ ਕਚਿਹਰੀਆਂ ਵਿਖੇ ਲਾਏ ਪੋਸਟਰਾਂ ਸੰਬੰਧੀ ਸ: ਆਜ਼ਾਦ ਨੇ ਦਸਿਆ ਕਿ ਇਹ ਉਹ ਦਲਿਤ ਆਗੂੂ ਹਨ ਜਿਨਾਂ ਸਵ: ਪ੍ਰਕਾਸ਼ ਸਿੰਘ ਬਾਦਲ ਕੋਲੋਂ ਰਾਖਵੀਆਂ ਸੀਟਾਂ 'ਤੇ ਚੋਣਾਂ ਲੜੀਆਂ ਤੇ ਐਮ.ਪੀ., ਐਮ.ਐਲ.ਏ. ਤੇ ਮੰਤਰੀ ਤੱਕ ਬਣੇ ਪਰ ਸੰਵਿਧਾਨ ਦੀ ਤਾਕਤ ਨਾਲ ਮੰਤਰੀ ਬਣੇ ਇਨਾਂ ਆਗੂਆਂ ਨੇ ਕਦੇ ਵੀ ਦਲਿਤਾਂ ਦੀ ਮੰਗ ਨਹੀਂ ਚੁੱਕੀ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਮਜ਼ਬੀ ਸਿੱਖਾਂ ਦਾ ਬੁੰਗਾ ਜੋ ਢਾਹਿਆ ਗਿਆ ਸੀ ਦੁਬਾਰਾ ਬਣ ਨਹੀਂ ਸਕਿਆ | ਜਦੋਂ ਕਿ ਅਕਾਲੀ ਦਲ ਬਾਦਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕੰਮਾਂ ਦਾ ਲਗਾਤਾਰ 50 ਸਾਲ ਤੋਂ ਕਬਜ਼ਾ ਚਲਿਆ ਆ ਰਿਹਾ ਹੈ | ਉਨਾਂ ਇਹ ਵੀ ਦੋਸ਼ ਲਾਇਆ ਕਿ ਕੌਮੀ ਸ਼ਹੀਦਾਂ ਦੇ ਸਨਮਾਨ ਵੀ ਸ਼੍ਰੋਮਣੀ ਕਮੇਟੀ ਮਨਾਉਣ ਤੋਂ ਅਸਮਰਥ ਰਹੀ ਹੈ ਅਤੇ ਹੁਣ ਤੱਕ ਬਾਬਾ ਜੀਵਨ ਸਿੰਘ ਰੰਘਰੇਟਾ ਦੇ ਪਿਤਾ ਬਾਬਾ ਸਦਾ ਨੰਦ ਜਿਸ ਦਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਤੋਂ ਚੁਕਿਆ ਗਿਆ ਸੀ ਦਾ ਅਜੇ ਤੱਕ ਸ਼ਹੀਦੀ ਦਿਵਸ ਨਹੀਂ ਮਨਾਇਆ ਗਿਆ | ਉਨਾਂ ਕਿਹਾ ਕਿ ਅਕਾਲੀ ਦਲ ਦੇ ਪਦ ਚਿੰਨਾਂ 'ਤੇ ਹੀ ਹੁਣ ਮੌਜੂਦਾ ਸਰਕਾਰ ਚਲ ਰਹੀ ਹੈ ਅਤੇ ਕੌਮੀ ਸ਼ਹੀਦਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ |