ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ (ਪਿਲਾਕ) ਦੇ ਸਹਿਯੋਗ ਨਾਲ ਪੰਜਾਬੀ ਪ੍ਰਚਾਰ ਅਤੇ ਪੰਜਾਬੀ ਲਹਿਰ ਜਥੇਬੰਦੀਆਂ ਦੁਆਰਾ ਕਰਵਾਈ ਗਈ ਤੀਜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦਾ ਅੱਜ ਤੀਜਾ ਅਤੇ ਅੰਤਿਮ ਦਿਨ ਪੂਰੀ ਤਰ੍ਹਾਂ ਨਾਲ ਆਧੁਨਿਕ ਲਾਹੌਰ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸਰ ਗੰਗਾ ਰਾਮ ਨੂੰ ਸਮਰਪਿਤ ਰਿਹਾ | ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰਸਿੱਧ ਸਾਹਿਤਕਾਰ ਮੁਸਤਨਸਰ ਹੁਸੈਨ ਤਾਹਿਰ ਨੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਘਰਾਂ ਅਤੇ ਦਫ਼ਤਰਾਂ ਦੇ ਨਾਲ-ਨਾਲ ਆਮ ਗੱਲਬਾਤ ਵੀ ਪੰਜਾਬੀ 'ਚ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਸੰਬੋਧਨ ਦੌਰਾਨ 'ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ' ਦਾ ਨਾਅਰਾ ਵੀ ਦਿੱਤਾ | ਡਾ: ਆਮਿਰ ਰਜ਼ਾ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਦਾ ਇਹ ਮੁਢਲਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬੀ ਦੀ ਸੰਭਾਲ ਅਤੇ ਇਸ ਦੇ ਪ੍ਰਸਾਰ ਲਈ ਪੂਰਾ ਯੋਗਦਾਨ ਦੇਣ | ਲਾਹੌਰ ਤੋਂ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਫ਼ਰਕ ਸੁਹੈਲ ਗੋਇੰਦੀ ਨੇ ਸੰਬੋਧਨ ਦੌਰਾਨ ਦੱਸਿਆ ਕਿ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਜ਼ਦੀਕ ਮੰਗਤਾਂਵਾਲਾ ਵਿਖੇ ਸੰਨ 1851 'ਚ ਜਨਮੇ ਰਾਏ ਬਹਾਦਰ ਗੰਗਾ ਰਾਮ ਪੇਸ਼ੇ ਤੋਂ ਸਿਵਲ ਇੰਜੀਨੀਅਰ ਅਤੇ ਆਰਕੀਟੈਕਟ ਸਨ ਅਤੇ ਲਾਹੌਰ ਦੇ ਲੋਕਾਂ ਦੇ ਦਿਲਾਂ 'ਚ ਅੱਜ ਵੀ ਉਨ੍ਹਾਂ ਲਈ ਬਹੁਤ ਸਨਮਾਨ ਹੈ | ਉਨ੍ਹਾਂ ਦੱਸਿਆ ਕਿ ਗੰਗਾ ਰਾਮ ਨੇ ਆਪਣੇ ਵਸਾਏ ਪਿੰਡ ਗੰਗਾਪੁਰ ਅਤੇ ਬੁੱਚਿਆਣਾ ਦੇ ਵਿਚਕਾਰ ਖ਼ੁਦ ਡਿਜ਼ਾਈਨ ਕੀਤੀ ਹੋਈ ਲਕੜੀ ਦੇ ਡੱਬਿਆਂ ਵਾਲੀ ਗੱਡੀ ਚਲਾਈ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਲਾਹੌਰ ਹਾਈ ਕੋਰਟ, ਐਚਿਸਨ ਕਾਲਜ, ਲਾਹੌਰ ਅਜਾਇਬ ਘਰ, ਮੈਆਓ ਸਕੂਲ ਆਫ਼ ਆਰਟਸ, ਸਰ ਗੰਗਾ ਰਾਮ ਹਸਪਤਾਲ, ਸ਼੍ਰੀਮਤੀ ਗੁਲਾਬ ਦੇਵੀ ਚੈਰੀਟੇਬਲ ਹਸਪਤਾਲ ਲਾਹੌਰ, ਜਨਰਲ ਪੋਸਟ ਆਫ਼ਿਸ, ਨੈਸ਼ਨਲ ਕਾਲਜ ਆਫ਼ ਆਰਟਸ, ਲੇਡੀ ਮੇਕਨੈਗਨ ਗਰਲਜ਼ ਹਾਈ ਸਕੂਲ, ਗੌਰਮਿੰਟ ਕਾਲਜ ਯੂਨੀਵਰਸਿਟੀ ਦਾ ਕੈਮਿਸਟਰੀ ਵਿਭਾਗ, ਮੈਆਓ ਹਸਪਤਾਲ ਦਾ ਅਲਬਰਟ ਵਿਕਟਰ ਭਵਨ, ਦੀ ਹੈਲੇ ਕਾਲਜ ਆਫ਼ ਕਾਮਰਸ, ਗੰਗਾ ਰਾਮ ਆਸ਼ਰਮ, ਰੀਨਾਲਾ ਖ਼ੁਰਦ ਬਿਜਲੀ ਪਲਾਂਟ, ਡੀ. ਏ. ਵੀ. ਸਕੂਲ ਕਾਲਜ (ਨਵਾਂ ਨਾਂਅ ਗੌਰਮਿੰਟ ਇਸਲਾਮੀਆ ਕਾਲਜ) ਆਦਿ ਦਾ ਡਿਜ਼ਾਈਨ ਤਿਆਰ ਕੀਤਾ ਗਿਆ | ਇਸ ਮੌਕੇ ਪੰਜਾਬੀ ਪ੍ਰਚਾਰ ਦੇ ਸਦਰ ਅਹਿਮਦ ਰਜ਼ਾ ਪੰਜਾਬੀ, ਪੰਜਾਬੀ ਲਹਿਰ ਦੇ ਨਾਸਿਰ ਢਿੱਲੋਂ ਅਤੇ ਹੋਰਨਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਸਰ ਗੰਗਾ ਰਾਮ ਨੂੰ ਲਹਿੰਦੇ ਪੰਜਾਬ ਦੇ ਨਾਇਕ ਦੱਸਿਆ | ਸਮਾਗਮ ਦੌਰਾਨ ਸਲੀਮ ਅਲਬੇਲਾ ਅਤੇ ਸਖ਼ਾਵਤ ਨਾਜ਼ ਨੇ ਕਾਮੇਡੀ ਅਤੇ ਆਰਿਫ਼ ਲੌਹਾਰ ਨੇ ਗਾਇਕੀ ਨਾਲ ਸ੍ਰੋਤਿਆਂ ਦੀ ਵਾਹੋ-ਵਾਹੀ ਖੱਟੀ | ਇਸ ਮੌਕੇ ਪ੍ਰੋ. ਕਲਿਆਣ ਸਿੰਘ ਕਲਿਆਣ ਅਤੇ ਹੋਰਨਾ ਵਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਕ ਨਾਟਕ ਵੀ ਪੇਸ਼ ਕੀਤਾ ਗਿਆ | ਸਮਾਗਮ ਦੇ ਆਖੀਰ 'ਚ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਦੀ ਅਗਵਾਈ 'ਚ ਮੁਸ਼ਾਇਰਾ ਕਰਵਾਇਆ ਗਿਆ | ਜਿਸ 'ਚ ਅਕਰਮ ਰਿਹਾਨ, ਪ੍ਰੋ. ਕਲਿਆਣ ਸਿੰਘ ਕਲਿਆਣ, ਜਮਸ਼ਾਦ ਜੋਇਆ, ਅਫ਼ਜ਼ਲ ਸਾਹਿਰ, ਸਾਬਿਰ ਅਲੀ ਸਾਬਿਰ, ਚਾਂਦ ਸ਼ਕੀਲ, ਜੈਨ ਜੱਟ, ਬਾਬਾ ਗ਼ੁਲਾਮ ਹੁਸੈਨ ਨਦੀਮ, ਜੀ. ਏ. ਨਜ਼ਮ, ਰਾਇ ਮੁਹੰਮਦ ਖ਼ਾਨ ਨਾਸਿਰ, ਨਸੀਰ ਅਹਿਮਦ, ਸਗਹੀਰ ਤਬੱਸਮ, ਮੁਰਲੀ ਚੌਹਾਨ ਅਤੇ ਪੀਰ ਵੀਰ ਸਿਪਾਹੀ ਵਲੋਂ ਸ਼ਾਇਰੀ ਪੇਸ਼ ਕੀਤੀ ਗਈ | ਸਮਾਰੋਹ ਦੌਰਾਨ ਦੀਪ ਸਾਇਦਾ ਨੂੰ ਸਮਾਜਿਕ ਕਾਰਕੁਨ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ |
ਲਾਹੌਰ 'ਚ ਤੀਜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਸਮਾਪਤ
ਅਜੀਤ ਡੈਸਕ
08-12-2025