ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲਾਨਾ ਖੇਡ ਸਮਾਗਮ ਨਿਊ ਇੰਡੀਅਨ ਪਬਲਿਕ ਸਕੂਲ (ਨਿਪਸ) ਅਤੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਵਿਚ ਸਫਲਤਾ ਪੂਰਵਕ ਸੰਪੰਨ ਹੋਏ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਭਾਸ਼ਣ ਦੌਰਾਨ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੋਂ ਜਾਣੰੂ ਕਰਵਾਇਆ ਤੇ ਦੱਸਿਆ ਕਿ ਇਨ੍ਹਾਂ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਇਕ ਲਾਸਾਨੀ ਸ਼ਹਾਦਤ ਹੈ | ਉਨ੍ਹਾਂ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਬੱਚਿਆਂ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਅਤੇ ਪੇਂਟਿੰਗਜ, ਬੱਚਿਆਂ ਦਾ ਅਨੁਸ਼ਾਸਨ ਅਤੇ ਖੇਡਾਂ ਦਾ ਸ਼ਾਨਦਾਰ ਪ੍ਰਬੰਧ ਵੇਖ ਕੇ ਸਾਰੇ ਸਟਾਫ ਦੀ ਸਰਾਹਨਾ ਕੀਤੀ | ਸਕੂਲ ਦੇ ਪ੍ਰਧਾਨ ਕੁਲਬੀਰ ਸਿੰਘ ਮਾਨ, ਜਨਰਲ ਸਕੱਤਰ ਹਰਸ਼ਦੀਪ ਸਿੰਘ ਰੰਧਾਵਾ ਅਤੇ ਡਾਇਰੈਕਟਰ ਮਨਪ੍ਰੀਤ ਸਿੰਘ ਟੱਕਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਗੁਰਬਾਣੀ ਦੇ ਪਾਠ ਅਤੇ ਬੱਚਿਆਂ ਵਲੋਂ ਕੀਤੇ ਗਏ ਰਸ-ਭਿੰਨੇ ਕੀਰਤਨ ਨਾਲ ਹੋਈ | ਉਸ ਤੋਂ ਬਾਅਦ ਖੇਡਾਂ ਦਾ ਆਗਾਜ਼ ਹੋਇਆ ਅਤੇ ਦੋਵਾਂ ਸਕੂਲਾਂ ਦੇ ਪਹਿਲੀ, ਦੂਸਰੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਨੇ ਅਲੱਗ-ਅਲੱਗ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਪਰੰਤ ਹਾਊਸ ਮੁਕਾਬਲਿਆਂ ਵਿਚ ਸੀਨੀਅਰ ਕਲਾਸਾਂ ਦੇ ਬੱਚਿਆਂ ਨੇ ਦੌੜਾਂ ਅਤੇ ਇੰਟਰ-ਹਾਊਸ ਮੁਕਾਬਲਿਆਂ ਵਿਚ ਹਿੱਸਾ ਲਿਆ | ਜਿਸ ਵਿਚ 400 ਮੀਟਰ (ਲੜਕੇ ਅਤੇ ਲੜਕੀਆਂ ਦੋਵੇਂ), ਸ਼ੌਟ ਪੁਟ, ਲੌਗ ਜੰਪ, ਰਿਲੇਅ ਰੇਸ ਤੋਂ ਇਲਾਵਾ ਹੋਰ ਅਥਲੈਟਿਕਸ ਮੁਕਾਬਲੇ, ਸਲੋ-ਸਾਈਕਲਿੰਗ (ਸ਼ਲੋ-ਚੇਚਲਿਨਗ) ਵਰਗੇ ਮਨੋਰੰਜਕ ਮੁਕਾਬਲੇ ਕਰਵਾਏ ਗਏ | ਨਿਊ ਇੰਡੀਅਨ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸ਼ਾਉਂਦਾ ਹੋਇਆ ਇਕ ਧਾਰਮਿਕ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ਸ੍ਰੀ ਕਲਗੀਧਰ ਪਬਲਿਕ ਸਕੂਲ ਨੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਬੱਚਿਆਂ ਨੇ ਗਤਕਾ ਅਤੇ ਤਾਇਕਵਾਂਡੋ ਵਰਗੀਆਂ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਸਾਲਾਨਾ ਖੇਡਾਂ ਵਿਚ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਓਵਰ-ਆਲ ਪਹਿਲੀ ਪੁਜੀਸ਼ਨ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਜੀ ਪੁਜੀਸ਼ਨ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੂੰ ਤੀਸਰੀ ਪੁਜੀਸ਼ਨ ਹਾਸਿਲ ਕੀਤੀ | ਇਸੇ ਤਰ੍ਹਾਂ ਨਿਪਸ ਸਕੂਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਸਰਾ ਸਥਾਨ, ਸਾਹਿਬਜ਼ਾਦਾ ਫਤਹਿ ਸਿੰਘ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ | ਅੰਤ ਵਿਚ ਸਕੂਲ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਟੱਕਰ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਠੇਕੇਦਾਰ ਤਰਸੇਮ ਸਿੰਘ ਜੋਧੇ, ਪਿ੍ੰ: ਮਨਜੀਤ ਕੌਰ ਪੱਡਾ, ਪਿ੍ੰ: ਮਨਜੀਤ ਕੌਰ ਵਾਲੀਆ, ਪਿ੍ੰ: ਤੇਜਬੀਰ ਸਿੰਘ ਸੋਹਲ ਅਤੇ ਹੋਰ ਹਾਜ਼ਰ ਸਨ |