ਛੇਹਰਟਾ, 17 ਦਸੰਬਰ (ਪੱਤਰ ਪ੍ਰੇਰਕ)-ਵਿਕਾਸ ਨਗਰ ਖੰਡਵਾਲਾ ਵਿਖੇ ਇੱਕ ਨਵ ਵਿਆਹੁਤਾ ਵਲੋਂ ਆਪਣੇ ਪਤੀ ਤੇ ਸਹੁਰੇ ਤੋਂ ਤੰਗ ਆ ਕੇ ਖੁਦਕੁਸ਼ੀ ਘਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਲੜਕੀ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਕੇ ਖੁਦਕੁਸ਼ੀ ਕਰ ਲਈ | ਇਹ ਘਟਨਾ ਮੰਗਲਵਾਰ ਸ਼ਾਮ 6.30 ਵਜੇ ਦੀ ਦੱਸੀ ਜਾ ਰਹੀ ਹੈ | ਇਲਾਕੇ ਦੇ ਲੋਕਾਂ ਵਲੋਂ ਸੂਚਨਾ ਮਿਲਣ 'ਤੇ ਰਾਤ 9.30 ਵਜੇ ਦੇ ਕਰੀਬ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਭੈਣ ਰਜਨੀ ਨੇ ਦੱਸਿਆ ਕਿ ਉਸ ਦੀ ਭੈਣ ਅਨੂ ਸ਼ਰਮਾ (32) ਦਾ ਵਿਆਹ ਕਰੀਬ 6 ਸਾਲ ਪਹਿਲਾਂ ਵਿਕਾਸ ਨਗਰ ਦੇ ਰਹਿਣ ਵਾਲੇ ਯੋਗੇਸ਼ ਸ਼ਰਮਾ ਨਾਲ ਹੋਇਆ ਸੀ | ਵਿਆਹ ਦੇ 2 ਸਾਲ ਬਾਅਦ ਉਨ੍ਹਾਂ ਦੇ ਘਰ 1 ਪੁੱਤਰ ਨੇ ਜਨਮ ਲਿਆ ਸੀ | ਉਸ ਨੇ ਮਿ੍ਤਕ ਅਨੂ ਦੇ ਪਤੀ 'ਤੇ ਕਥਿਤ ਤੌਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਨੂ ਦਾ ਪਤੀ ਯੋਗੇਸ਼ ਦੁਬਈ ਵਿਚ ਕੰਮ ਕਰਦਾ ਹੈ, ਜਿਸ ਕਾਰਨ ਉਸ ਦਾ ਸਹੁਰਾ ਆਪਣੀ ਨੂੰਹ ਅਨੂ 'ਤੇ ਮਾੜੀ ਨਜ਼ਰ ਰੱਖਦਾ ਸੀ ਤੇ ਉਸ ਨੂੰ ਆਪਣੇ ਕਮਰੇ ਵਿਚ ਸੌਣ ਲਈ ਜ਼ਬਰਦਸਤੀ ਤੰਗ ਪ੍ਰੇਸ਼ਾਨ ਕਰਦਾ ਸੀ | ਬਦਨਾਮੀ ਕਾਰਨ ਉਸ ਨੇ ਇਹ ਮਾਮਲਾ ਆਪਣੇ ਪਤੀ ਯੋਗੇਸ਼ ਤੇ ਮੇਰੇ ਨਾਲ ਗੱਲ ਕੀਤੀ ਸੀ | ਪਰ ਪਤੀ ਯੋਗੇਸ਼ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ | ਉਸ ਨੇ ਦੱਸਿਆ ਕਿ ਉਸ ਨੇ ਮੰਗਲਵਾਰ ਸ਼ਾਮ 5 ਵਜੇ ਆਪਣੀ ਭੈਣ ਅਨੂ ਨਾਲ ਫੋਨ 'ਤੇ ਗੱਲ ਕੀਤੀ ਸੀ, ਉਦੋਂ ਤੱਕ ਸਭ ਕੁਝ ਠੀਕ ਸੀ | ਪਰ ਦੇਰ ਰਾਤ 9.30 ਵਜੇ ਉਸ ਦੇ ਸਹੁਰੇ ਸੰਤੋਸ਼ ਸ਼ਰਮਾ ਨੇ ਮੈਨੂੰ ਅਨੂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਦੀ ਸੂਚਨਾ ਦਿੱਤੀ | ਉਸ ਨੇ ਕਿਹਾ ਕਿ ਮੈਨੂੰ ਪੂਰਾ ਸ਼ੱਕ ਹੈ ਕਿ ਮੇਰੀ ਭੈਣ ਅਨੂ ਨੂੰ ਉਸ ਦੇ ਸਹੁਰੇ ਸੰਤੋਸ਼ ਸ਼ਰਮਾ ਵਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਬਾਅਦ ਉਸ ਨੂੰ ਪੱਖੇ ਨਾਲ ਟੰਗ ਕੇ ਕਤਲ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਥਾਣਾ ਛੇਹਰਟਾ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਪਤੀ ਯੋਗੇਸ਼ ਸ਼ਰਮਾ ਅਤੇ ਸਹੁਰੇ ਸੰਤੋਸ਼ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸਹੁਰੇ ਸੰਤੋਸ਼ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਿ੍ਤਕ ਲੜਕੀ ਅਨੂ ਦੇ ਮੋਬਾਈਲ ਫੋਨ ਤੋਂ ਧੋਖਾਧੜੀ ਦੇ ਕੁਝ ਸਬੂਤ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਮਿ੍ਤਕ ਅਨੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |