ਛੇਹਰਟਾ, 20 ਦਸੰਬਰ (ਪੱਤਰ ਪ੍ਰੇਰਕ)-ਅੰਮਿ੍ਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਇਲਾਕੇ 'ਚ ਪੁਲਿਸ ਅਤੇ ਇਕ ਬਦਮਾਸ਼ ਦਰਮਿਆਨ ਮੁਕਾਬਲਾ ਹੋਇਆ | ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਪਹੁੰਚੇ ਅਤੇ ਮੀਡੀਆ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ 'ਚ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਬਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸ ਦੀ ਪਤਨੀ ਇਕ ਬਜ਼ੁਰਗ ਨਾਲ ਬਹਿਸ ਕਰ ਰਹੇ ਸਨ | ਇਸ ਦੌਰਾਨ ਚੰਦਨ ਸ਼ਰਮਾ (ਭਤੀਜਾ) ਮੌਕੇ 'ਤੇ ਆਇਆ, ਤਕਰਾਰ ਵਧੀ ਅਤੇ ਉਸ ਨੇ ਫਾਇਰ ਕਰ ਦਿੱਤਾ, ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ 'ਚ ਗੋਲੀਆਂ ਲੱਗੀਆਂ | ਇਸ ਸੰਬੰਧੀ ਕੇਸ ਦਰਜ ਕੀਤਾ ਗਿਆ ਸੀ ਤੇ ਅਗਲੇ ਦਿਨ ਦੋਸ਼ੀ ਦੀ ਤਲਾਸ਼ ਜਾਰੀ ਸੀ ਕਿ ਇਕ ਹੋਰ ਘਟਨਾ ਸਾਹਮਣੇ ਆਈ | ਭੱਜਦੇ ਸਮੇਂ ਪੁਲਿਸ ਪਾਰਟੀ ਨੂੰ ਦੇਖ ਕੇ ਚੰਦਨ ਸ਼ਰਮਾ ਨੇ ਮੁੜ ਫਾਇਰਿੰਗ ਕੀਤੀ, ਜਿਸ 'ਚ 'ਬਿੱਲੂ' ਨਾਮਕ ਮਜ਼ਦੂਰ ਜ਼ਖ਼ਮੀ ਹੋ ਗਿਆ ਤੇ ਗੋਲੀ ਉਸ ਦੀ ਸੱਜੀ ਬਾਂਹ ਨੂੰ ਚੀਰਦੀ ਹੋਈ ਪੇਟ ਵਿਚ ਜਾ ਲੱਗੀ ਸੀ | ਇਸ ਦੌਰਾਨ ਸੋਨੀਆ ਨਾਮਕ ਮਹਿਲਾ ਵੀ ਜ਼ਖ਼ਮੀ ਹੋਈ ਸੀ | ਮਾਮਲਾ ਗੰਭੀਰ ਹੋਣ ਕਾਰਨ ਸਪੈਸ਼ਲ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ ਤੇ ਪੁਲਿਸ ਟੀਮ ਨੇ ਦੋਸ਼ੀ ਨੂੰ ਟ੍ਰੈਕ ਕੀਤਾ ਤੇ ਪੁਲਿਸ ਨੂੰ ਇਤਲਾਹ ਮਿਲੀ ਕਿ ਦੋਸ਼ੀ ਕੋਟ ਖਾਲਸਾ ਖੇਤਰ 'ਚ ਘੁੰਮ ਰਿਹਾ ਹੈ ਤੇ ਜਦੋਂ ਪੁਲਿਸ ਪਾਰਟੀ ਗੁਰਦੁਆਰਾ ਬੋਹੜੀ ਸਾਹਿਬ ਤੋਂ ਪਿੰਡ ਥਾਂਦੇ ਵੱਲ ਨੂੰ ਜਾ ਰਹੀ ਸੀ ਤਾਂ ਦੋਸ਼ੀ ਨੇ ਪੁਲਿਸ ਨੂੰ ਵੇਖ ਕੇ ਖੇਤਾਂ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਚੇਤਾਵਨੀ ਦੇਣ ਅਤੇ ਹਵਾ 'ਚ ਫਾਇਰ ਕਰਕੇ ਸਰੰਡਰ ਲਈ ਕਿਹਾ ਗਿਆ, ਪਰ ਉਸ ਨੇ ਪੁਲਿਸ 'ਤੇ ਮਾਰੂ ਨੀਅਤ ਨਾਲ ਗੋਲੀਆਂ ਚਲਾਈਆਂ, ਥਾਮ ਰੱਖਿਆ ਵਿਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ 'ਚ ਕਥਿਤ ਦੋਸ਼ੀ ਚੰਦਨ ਸ਼ਰਮਾ ਜ਼ਖ਼ਮੀ ਹੋ ਗਿਆ ਤੇ ਪੁਲਿਸ ਵਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ 9 ਐੱਮ. ਐੱਮ. ਦਾ ਵਿਦੇਸ਼ੀ (ਤੁਰਕੀ) ਬਣਿਆ ਪਿਸਟਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ | ਪੁਲਿਸ ਮੁਤਾਬਕ ਦੋਸ਼ੀ ਮਈ 2025 'ਚ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਐੱਨ. ਟੀ. ਐੱਫ. ਥਾਣਾ ਮੋਹਾਲੀ ਵਿਚ ਵੀ ਉਸ 'ਤੇ ਕੇਸ ਦਰਜ ਹੈ | ਜੇਲ੍ਹ ਅੰਦਰ ਬਣੇ ਅਪਰਾਧੀ ਸੰਪਰਕਾਂ ਰਾਹੀਂ ਹਥਿਆਰ ਪ੍ਰਾਪਤ ਕਰਨ ਦੀ ਜਾਂਚ ਚੱਲ ਰਹੀ ਹੈ | ਇਸ ਸਮੇਂ ਘਟਨਾ ਸਥਾਨ 'ਤੇ ਰਵਿੰਦਰਪਾਲ ਸਿੰਘ ਡੀ. ਸੀ. ਪੀ., ਵਿਸ਼ਾਲਜੀਤ ਸਿੰਘ ਏ. ਡੀ. ਸੀ. ਪੀ.-1, ਜਸਪਾਲ ਸਿੰਘ ਏ. ਸੀ. ਪੀ. ਸੈਂਟਰਲ, ਇੰਸਪੈਕਟਰ ਹਰਸੰਦੀਪ ਸਿੰਘ ਆਦਿ ਹਾਜ਼ਰ ਸਨ |
ਪੁਲਿਸ ਵਲੋਂ 2 ਫਾਇਰਿੰਗ ਘਟਨਾਵਾਂ ਦੇ ਮਾਮਲੇ 'ਚ ਦੋਸ਼ੀ ਕਾਬੂ
ਅਜੀਤ ਡੈਸਕ
21-12-2025