ਅੰਮਿ੍ਤਸਰ, 20 ਦਸੰਬਰ (ਜਸਵੰਤ ਸਿੰਘ ਜੱਸ)-ਹਲਕਾ ਅੰਮਿ੍ਤਸਰ ਉੱਤਰੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਅਤੇ ਨੌਜਵਾਨ ਭਾਜਪਾ ਆਗੂ ਅਕਸ਼ੈ ਸ਼ਰਮਾ ਵਲੋਂ ਸ਼ਹੀਦੀ ਪੰਦਰਵਾੜੇ ਦੌਰਾਨ ਆਪਣੇ ਹਲਕੇ ਤੋਂ ਕਰੀਬ 2 ਹਜਾਰ ਸ਼ਰਧਾਲੂਆਂ ਨੂੰ ਕਰੀਬ 30 ਬੱਸਾਂ ਦੇ ਕਾਫਲੇ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗੁਰਧਾਮਾਂ ਦੀ ਮੁਫਤ ਯਾਤਰਾ ਲਈ ਰਵਾਨਾ ਕੀਤਾ ਗਿਆ | ਅਰਦਾਸ ਉਪਰੰਤ ਅਕਸ਼ੈ ਸ਼ਰਮਾ ਵਲੋਂ ਝੰਡੀ ਵਿਖਾ ਕੇ ਪਹਿਲੇ ਜਥੇ ਨੂੰ ਅੰਮਿ੍ਤਸਰ ਸ੍ਰੀ ਫਤਹਗੜ੍ਹ ਸਾਹਿਬ ਵੱਲ ਜੈਕਾਰਿਆਂ ਦੀ ਗੂੰਜ ਦੌਰਾਨ ਰਵਾਨਾ ਕੀਤਾ ਗਿਆ | ਇਸ ਮੌਕੇ ਸ੍ਰੀ ਅਕਸ਼ੈ ਕੁਮਾਰ ਨੇ ਦੱਸਿਆ ਕਿ ਇਹ ਮੁਫ਼ਤ ਯਾਤਰਾ ਲਈ ਬੱਸ ਸੇਵਾ 20 ਤੋਂ 27 ਦਸੰਬਰ ਤੱਕ ਜਾਰੀ ਰਹੇਗੀ, ਜਿਸ ਤਹਿਤ ਹਰ ਰੋਜ਼ ਵੱਖ-ਵੱਖ ਜਥੇ ਸ਼ਹੀਦੀ ਸਭਾ ਦੇ ਦਰਸ਼ਨਾਂ ਲਈ ਸ੍ਰੀ ਫਤਿਹਗੜ੍ਹ ਸਾਹਿਬ ਭੇਜੇ ਜਾਣਗੇ | ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹਾਦਤ ਸਿਰਫ਼ ਸਿੱਖ ਸਮਾਜ ਲਈ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ | ਉਨ੍ਹਾਂ ਦੱਸਿਆ ਕਿ ਚਾਰ ਘੰਟਿਆਂ ਦੀ ਇਸ ਯਾਤਰਾ ਦੌਰਾਨ ਬੱਸਾਂ 'ਚ ਚਾਰ ਸਾਹਿਬਜ਼ਾਦਿਆਂ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਦਿਖਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਯਾਤਰਾ ਦੌਰਾਨ ਐਂਬੂਲੈਂਸ, ਮੈਡੀਕਲ ਸਹੂਲਤਾਂ, ਖਾਣ-ਪੀਣ, ਦੇ ਵੀ ਯੋਗ ਪ੍ਰਬੰਧ ਕੀਤੇ ਗਏ ਹਨ | ਭਾਜਪਾ ਆਗੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਯਾਤਰਾ ਨੂੰ ਸਿਰਫ਼ ਦਰਸ਼ਨਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਬਲਕਿ ਗੁਰੂਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ 'ਚ ਸੱਚਾਈ, ਸੇਵਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਇਆ ਜਾਵੇ | ਇਸ ਮੌਕੇ 'ਤੇ ਸੀਨੀਅਰ ਭਾਜਪਾ ਨੇਤਾ ਤਰਨਜੀਤ ਸਿੰਘ ਸੰਧੂ, ਪੱਪੂ ਮਹਾਜਨ ਅਤੇ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਵੀ ਹਾਜ਼ਰ ਸਨ |
ਅਕਸ਼ੈ ਸ਼ਰਮਾ ਵਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮੁਫ਼ਤ ਯਾਤਰਾ ਲਈ 30 ਬੱਸਾਂ ਦਾ ਕਾਫ਼ਲਾ ਰਵਾਨਾ
ਅਜੀਤ ਡੈਸਕ
21-12-2025