ਅੰਮਿ੍ਤਸਰ, 21 ਦਸੰਬਰ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਵਿਖੇ ਪੀ. ਜੀ. ਡਿਪਾਰਟਮੈਂਟ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੁਆਰਾ 'ਏ.ਆਈ. ਰਾਹੀਂ ਅਧਿਆਪਕਾਂ ਨੂੰ ਸਿੱਖਿਅਤ ਬਣਾਉਣਾ' ਵਿਸ਼ੇ 'ਤੇ ਚੱਲ ਰਹੇ ਐੱਫ.ਡੀ.ਪੀ. (ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ) ਦੇ ਤੀਜੇ ਦਿਨ ਰਿਸੋਰਸ ਪਰਸਨ ਡਾ. ਮਨੀਤ ਕੌਰ, ਸਹਾਇਕ ਪ੍ਰੋਫੈਸਰ ਸੀ.ਐੱਸ.ਈ. ਵਿਭਾਗ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇ 'ਆਧੁਨਿਕ ਖੋਜਕਾਰਾਂ ਲਈ ਕਿ੍ਤਿ੍ਮ ਬੁੱਧੀ ਦੇ ਸਾਧਨ' ਵਿਸ਼ੇ 'ਤੇ ਜਾਣਕਾਰੀ ਦਿੱਤੀ ਅਤੇ ਆਧੁਨਿਕ ਖੋਜ ਵਿਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਕਈ ਏ.ਆਈ.ਟੂਲਜ਼ ਬਾਰੇ ਚਰਚਾ ਕੀਤੀ | ਇਸ ਸੈਸ਼ਨ ਵਿਚ ਲਿਟਰੇਚਰ ਰਿਵਿਊ ਦੇ ਪੜਾਅ ਨੂੰ ਵੀ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਨੂੰ ਖੋਜ ਪ੍ਰਕਿਰਿਆ ਦਾ ਸਭ ਤੋਂ ਮੂਲ ਅਤੇ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ | ਉਨ੍ਹਾਂ ਸਕਾਈਸਪੇਸ, ਸਿਮੈਂਟਿਕ ਸਕਾਲਰ ਅਤੇ ਹੋਰ ਪਲੇਟਫਾਰਮਾਂ ਨਾਲ ਜਾਣੂ ਕਰਵਾਇਆ, ਜੋ ਖੋਜ ਲੇਖ ਲੱਭਣ, ਕੀਵਰਡਸ ਦੀ ਪਛਾਣ ਕਰਨ ਅਤੇ ਖੋਜ ਵਿਧੀਆਂ ਨੂੰ ਸਮਝਣ ਵਿੱਚ ਮਦਦਗਾਰ ਹਨ | ਉਨ੍ਹਾਂ ਨੇ ਖੋਜ ਵਿੱਚ ਡਾਟਾ ਵਿਸ਼ਲੇਸ਼ਣ ਅਤੇ ਮਸ਼ੀਨ ਲਰਨਿੰਗ ਦੀ ਭੂਮਿਕਾ ਵੀ ਸਮਝਾਈ ਅਤੇ ਮੈਟਲੈਬ, ਪਾਈਥਨ ਵਰਗੇ ਸਾਫਟਵੇਅਰਾਂ ਦੇ ਨਾਲ-ਨਾਲ ਗੂਗਲ ਕੋਲੈਬ ਵਰਗੇ ਟੂਲਜ਼ ਬਾਰੇ ਵੀ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਣ, ਸੰਪਾਦਨ ਅਤੇ ਪਲੇਜਰਿਜ਼ਮ ਜਾਂਚ ਲਈ ਵਰਤੇ ਜਾਣ ਵਾਲੇ ਪੇਪਰਪਾਲ, ਕੁਇਲਬੋਟ, ਗ੍ਰਾਮਰਲੀ, ਟਰਨਿਟਿਨ ਆਦਿ ਟੂਲਜ਼ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਜਰਨਲ ਚੋਣ ਪਲੇਟਫਾਰਮਾਂ ਬਾਰੇ ਵੀ ਚਰਚਾ ਕੀਤੀ | ਸਮਾਪਤੀ ਦੌਰਾਨ ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਐੱਫ.ਡੀ.ਪੀ. ਦੇ ਕਨਵੀਨਰ ਅਮਨਜੋਤ ਕੌਰ ਅਤੇ ਕੋਆਰਡੀਨੇਟਰ ਦਿਵਿਆ ਬੱਤਰਾ ਨੂੰ ਇਸ ਸ਼ੈਸ਼ਨ ਦੀ ਸਫਲਤਾ ਲਈ ਵਧਾਈ ਦਿੱਤੀ |