ਅੰਮਿ੍ਤਸਰ, 22 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਜੀ. ਐਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਅੱਜ ਐਡਵੋਕੇਟ ਪ੍ਰਧਾਨ ਵਿਕਾਸ ਖੰਨਾ ਅਤੇ ਜਨਰਲ ਸਕੱਤਰ ਐਡਵੋਕੇਟ ਸੁਨੀਲ ਅਰੋੜਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਸਟੇਟ ਟੈਕਸ ਰਾਜਵਿੰਦਰ ਕੌਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਸ੍ਰੀਮਤੀ ਪ੍ਰਗਤੀ ਸੇਠੀ ਸਹਾਇਕ ਕਮਿਸ਼ਨਰ ਸਟੇਟ ਟੈਕਸ ਅੰਮਿ੍ਤਸਰ-1 ਅਤੇ ਡਾ. ਨਵਰੀਤ ਕੌਰ ਸੇਖੋਂ ਸਹਾਇਕ ਕਮਿਸ਼ਨਰ ਸਟੇਟ ਟੈਕਸ ਅੰਮਿ੍ਤਸਰ-2 ਵੀ ਮੌਜੂਦ ਸਨ | ਵਫ਼ਦ ਨੇ ਕਾਨੂੰਨ ਦੀ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਸਮੂਹਿਕ ਤੌਰ 'ਤੇ ਬਹੁਤ ਸਾਰੇ ਵਪਾਰੀਆਂ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਨੂੰ ਗੈਰ-ਕਾਨੂੰਨੀ ਤੌਰ 'ਤੇ ਰੋਕਣ ਦਾ ਗੰਭੀਰ ਮੁੱਦਾ ਉਠਾਇਆ | ਇਸ ਮੌਕੇ ਪ੍ਰਧਾਨ ਵਿਕਾਸ ਖੰਨਾ ਅਤੇ ਜਨਰਲ ਸਕੱਤਰ ਐਡਵੋਕੇਟ ਸੁਨੀਲ ਅਰੋੜਾ ਨੇ ਕਿਹਾ ਕਿ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਅਤੇ ਸੰਬੰਧਿਤ ਵਪਾਰੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤੇ ਬਿਨਾਂ ਆਈ. ਟੀ. ਸੀ. ਨੂੰ ਰੋਕਣਾ ਵਿਭਾਗ ਦੁਆਰਾ ਸ਼ਕਤੀ ਦੀ ਘੋਰ ਦੁਰਵਰਤੋਂ ਹੈ | ਉਨ੍ਹਾਂ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਵਪਾਰਕ ਭਾਈਚਾਰਾ ਪਹਿਲਾਂ ਹੀ ਮੁਸ਼ਕਿਲ ਆਰਥਿਕ ਸਮੇਂ ਵਿਚੋਂ ਗੁਜ਼ਰ ਰਿਹਾ ਹੈ | ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਇਮਾਨਦਾਰ ਵਪਾਰੀਆਂ ਅਤੇ ਐਮ. ਐਸ. ਐਮ. ਈ. ਸੈਕਟਰ ਲਈ ਤਬੂਤ 'ਚ ਆਖਰੀ ਕਿੱਲ ਸਾਬਤ ਹੋ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਸੁਣਵਾਈ ਤੋਂ ਬਿਨਾਂ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ | ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜੀ .ਐਸ. ਟੀ. ਵਿਭਾਗ ਆਈ. ਟੀ. ਸੀ. ਨੂੰ ਮਨਮਾਨੇ ਢੰਗ ਨਾਲ ਰੋਕਣਾ ਤੁਰੰਤ ਬੰਦ ਕਰੇ, ਕਾਨੂੰਨੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰੇ, ਢੁਕਵੇਂ ਨੋਟਿਸ ਜਾਰੀ ਕਰੇ, ਸੁਣਵਾਈ ਦਾ ਢੁਕਵਾਂ ਮੌਕਾ ਪ੍ਰਦਾਨ ਕਰੇ ਅਤੇ ਕੋਈ ਵੀ ਜ਼ਬਰਦਸਤੀ ਕਾਰਵਾਈ ਕਰਨ ਤੋਂ ਪਹਿਲਾਂ ਤਰਕਪੂਰਨ (ਬੋਲਣ ਵਾਲੇ) ਆਦੇਸ਼ ਪਾਸ ਕਰੇ | ਮੀਟਿੰਗ 'ਚ ਐਡਵੋਕੇਟ ਨਵੀਨ ਸਹਿਗਲ, ਐਡਵੋਕੇਟ ਗੁਰਪ੍ਰੀਤ ਸਿੰਘ ਗਰੋਵਰ, ਐਡਵੋਕੇਟ ਰਜਨੀਸ਼ ਖੰਨਾ, ਸੀਏ ਮਨੋਜ ਮਹਾਜਨ, ਸੀਏ ਰਾਕੇਸ਼ ਚਾਵਲਾ, ਐਡਵੋਕੇਟ ਨਵੀਨ ਸ਼ਰਮਾ, ਐਡਵੋਕੇਟ ਧਰੁਵ ਸੇਖੜੀ, ਸੀਏ ਸ਼ੁਭਮ ਬਾਂਸਲ, ਸੀਏ ਯਥਾਰਥ ਸਹਿਗਲ ਆਦਿ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ |