ਅਟਾਰੀ, 24 ਦਸੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਬੀ.ਐੱਸ.ਐੱਫ ਹੈੱਡ ਕੁਆਰਟਰ ਖਾਸਾ ਅੰਮਿ੍ਤਸਰ ਦੀ ਖੇਡ ਗਰਾਊਾਡ ਵਿਖੇ ਸੀਮਾ ਸੁਰੱਖਿਆ ਬਲ ਦੀ 168 ਬਟਾਲੀਅਨ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ 'ਚ ਵੱਖ-ਵੱਖ ਰਾਜਾਂ ਦੀਆਂ 12 ਕ੍ਰਿਕਟ ਟੀਮਾਂ ਵਲੋਂ ਹਿੱਸਾ ਲਿਆ ਗਿਆ ਸੀ | ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਬੀ.ਐਸ.ਐਫ. ਹੈੱਡ ਕੁਆਰਟਰ ਅੰਮਿ੍ਤਸਰ ਦੇ ਡੀ.ਆਈ.ਜੀ. ਐਸ ਐਸ ਚੰਦੇਲ ਵਲੋਂ ਟਰਾਫੀਆਂ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੀਫ ਗੈਸਟ ਗੁਰਪ੍ਰੀਤ ਸਿੰਘ ਭੁੱਲਰ ਨੇ ਜਵਾਨਾਂ ਨੂੰ ਵਿਜੇ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਖੇਡਾਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਕੇ ਬੀ.ਐਸ.ਐਫ. ਦਾ ਨਾਮ ਰੋਸ਼ਨ ਕਰਨ ਲਈ ਕਿਹਾ | ਡੀ.ਆਈ.ਜੀ. ਐਸ. ਐਸ. ਚੰਦੇਲ ਨੇ ਗੱਲਬਾਤ ਕਰਦੇ ਕਿਹਾ ਕਿ ਵਿਜੇ ਦਿਵਸ ਨੂੰ ਸਮਰਪਿਤ ਕਿ੍ਕਟ ਟੂਰਨਾਮੈਂਟ ਨੌਜਵਾਨਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਲਈ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੇ ਖਾਸਾ ਸੈਕਟਰ ਹੈੱਡ ਕੁਆਰਟਰ ਦੇ ਖੇਡ ਮੈਦਾਨ 'ਚ ਪਹਿਲੀ ਵਾਰ ਪਹਿਲੇ ਇੰਟਰ ਫਰੰਟੀਅਰ ਟੀ-20 ਕਿ੍ਕਟ ਟੂਰਨਾਮੈਂਟ 2025 ਦੀ ਸ਼ੁਰੂਆਤ 16 ਦਸੰਬਰ ਨੂੰ ਕੀਤੀ ਗਈ ਸੀ, ਜਿਸ ਦੇ ਅੱਜ ਫਾਈਨਲ ਮੁਕਾਬਲੇ ਕਰਵਾਏ ਗਏ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਵੱਖ-ਵੱਖ ਸੀਮਾ ਸੁਰੱਖਿਆ ਬਲ ਦੀਆਂ ਬਟਾਲੀਅਨ ਅਤੇ ਅਕੈਡਮੀ ਤੋਂ ਟੀ-20 ਦੇ ਖਿਡਾਰੀ ਪਹੁੰਚੇ ਸਨ | ਇਸ ਤੋਂ ਬਾਅਦ ਬੈਸਟ ਖਿਡਾਰੀਆਂ ਦੀ ਚੋਣ ਕਰਕੇ ਆਲ ਇੰਡੀਆ ਟੀ-20 ਟੀਮ ਬਣਾਈ ਜਾਏਗੀ ਜੋ ਆਲ ਇੰਡੀਆ ਪੁਲਿਸ ਦੇ ਟੀ-20 ਮੈਚਾਂ ਦੌਰਾਨ ਖੇਡਿਆ ਕਰੇਗੀ | ਇਸ ਮੌਕੇ ਡੀ.ਆਈ.ਜੀ. ਐਸ.ਐਸ. ਚੰਦੇਲ, ਕਮਾਂਡੈਂਟ 168 ਬਟਾਲੀਅਨ ਪਰਮਿੰਦਰ ਸਿੰਘ, ਕਮਾਂਡੈਂਟ ਖਾਸਾ ਅਮਰਦੀਪ ਸਿੰਘ, ਡੀ.ਸੀ. ਰੁਪਿੰਦਰ ਸਿੰਘ, ਸਹਾਇਕ ਕਮਾਂਡੈਂਟ ਡਾ. ਕੁਲਵਿੰਦਰ ਸਿੰਘ, ਇੰਸਪੈਕਟਰ ਗੋਪਾਲ ਅਤੇ ਵੱਖ-ਵੱਖ ਬਟਾਲੀਅਨ 'ਚੋਂ ਪਹੁੰਚੇ ਉੱਚ ਅਧਿਕਾਰੀਆਂ ਵਲੋਂ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ |