ਖੇਮਕਰਨ, 1 ਜੂਨ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸਰਹੱਦੀ ਖੇਤਰ ਦੀ ਸਰਹੱਦੀ ਚੌਕੀ ਕੇ. ਕੇ. ਬੈਰੀਅਰ ਨਜ਼ਦੀਕ ਪੈਂਦੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਕੋਲੋਂ ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ.ਐੱਸ.ਐੱਫ. ਜਵਾਨਾਂ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਕਿਸਾਨ ਗੁਰਚੇਤ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਖੇਮਕਰਨ ਦੀ ਜ਼ਮੀਨ 'ਚ ਪਾਕਿਸਤਾਨ ਤਰਫੋਂ ਆ ਕਿ ਡਿੱਗਾ ਪਿਆ ਚੀਨ ਦੀ ਕੰਪਨੀ ਦਾ ਬਣਿਆ ਹੋਇਆ ਇਕ ਡਰੋਨ ਬਰਾਮਦ ਕੀਤਾ ਹੈ, ਜਿਸ ਦੇ ਨਾਲ ਇਕ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕੇਟ ਵੀ ਮਿਲਿਆ ਹੈ, ਜਿਸ 'ਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਵੀ ਮਿੱਲੀ ਹੈ | ਥਾਣਾ ਮੁੱਖੀ ਖੇਮਕਰਨ ਐ?ਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਦੱਸਿਆ ਕਿ ਐੱਸ.ਆਈ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਥਾਣੇ ਤੋਂ ਤਲਾਸ਼ ਭੈੜੇ ਪੁਰਸ਼ਾਂ ਲਈ ਸਰਕਾਰੀ ਗੱਡੀ 'ਤੇ ਗਸ਼ਤ ਕਰ ਰਹੀ ਸੀ ਕਿ ਇਤਲਾਹ ਮਿਲੀ ਕਿ ਸਰਹੱਦ ਨਜ਼ਦੀਕ ਕੋਈ ਸ਼ੱਕੀ ਚੀਜ਼ ਡਿੱਗੀ ਪਈ ਹੋਈ ਹੈ, ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਸਮੇਤ ਬੀ.ਐੱਸ.ਐੱਫ. ਦੀ 148 ਬਟਾਲੀਅਨ ਦੇ ਕੰਪਨੀ ਕਮਾਂਡਰ ਐੱਮ. ਸੋਹਲੀਅਨ ਲਾਲ ਜਾਉ ਨਾਲ ਜਵਾਨਾਂ ਸਮੇਤ ਤਲਾਸ਼ੀ ਕਰਕੇ ਸ਼ੱਕੀ ਚੀਜ਼ ਨੂੰ ਕਬਜ਼ੇ 'ਚ ਲਿਆ ਤਾਂ ਇਕ ਛੋਟੀ ਕਿਸਮ ਦਾ ਡਰੋਨ ਮਿਲਿਆ, ਜਿਸ ਨਾਲ ਇਕ ਪੈਕੇਟ ਬੰਨਿਆਂ ਹੋਇਆ ਸੀ, ਜਿਸ 'ਚੋ ਕਰੀਬ 510 ਗ੍ਰਾਮ ਹੈਰੋਇਨ ਮਿੱਲੀ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਢਾਈ ਕਰੋੜ ਬਣਦੀ ਹੈ | ਇਸ ਘਟਨਾ ਸੰਬੰਧੀ ਥਾਣੇ ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ |