ਤਰਨ ਤਾਰਨ, 1 ਜੂਨ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਸਮਾਗਮ ਦੀ ਸ਼ੁਰੂਆਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਦੁਆਰਾ ਕੀਤਾ ਗਿਆ | ਪ੍ਰੋਗਰਾਮ ਦੇ ਦੌਰਾਨ ਵਿਚਾਰ ਦਿੰਦੇ ਹੋਏ ਸਾਧਵੀ ਰਮਨਦੀਪ ਭਾਰਤੀ ਨੇ ਕਿਹਾ ਕੀ ਸ਼ਹਾਦਤ ਦੀ ਮਹਾਨ ਪ੍ਰੰਪਰਾ ਪੰਜਾਬ ਦੇ ਇਤਿਹਾਸ ਦੀ ਮੁੱਢ ਕਦੀਮਾਂ ਤੋਂ ਹੀ ਸ਼ਾਨ ਰਹੀ ਹੈ | ਪੰਜਾਬ ਦੀ ਧਰਤੀ ਬੇਸ਼ੁਮਾਰ ਕੁਰਬਾਨੀਆਂ ਅਤੇ ਸ਼ਹੀਦੀਆਂ ਦੀ ਪ੍ਰਤੱਖ ਗਵਾਹ ਰਹੀ ਹੈ | ਇਸ ਧਰਤੀ ਉੱਪਰ ਹੀ ਧਰਮ ਅਤੇ ਸੱਚ ਦੀਆਂ ਨੀਹਾਂ ਪੱਕੀਆਂ ਕਰਨ ਲਈ ਮਹਾਂਪੁਰਸ਼ ਜੰਜੀਰਾਂ ਵਿਚ ਜਕੜੇ ਗਏ | ਦੁਖੀਆਂ ਮਜ਼ਲੂਮਾਂ ਦੇ ਹੰਝੂ ਪੂੰਝਣ ਲਈ ਆਰਿਆਂ ਨਾਲ ਚੀਰੇ ਗਏ, ਰੰਬੀਆਂ ਨਾਲ ਆਪਣੀਆਂ ਖੋਪਰੀਆਂ ਲੁਹਾ ਦਿੱਤੀਆਂ | ਪੰਜਾਬ ਦਾ ਇਤਿਹਾਸ ਆਪਣੀ ਬੁੱਕਲ ਵਿਚ ਅਜਿਹੀਆਂ ਅਨੇਕਾਂ ਹੀ ਬੇਮਿਸਾਲ ਗਾਥਾਵਾਂ ਅਤੇ ਘੱਲੂਕਾਰਿਆਂ ਨੂੰ ਸਮੇਟ ਕੇ ਬੈਠਾ ਹੈ | ਜਿੰਨਾਂ ਨੂੰ ਪੜ੍ਹਨ ਅਤੇ ਸੁਣਨ ਵਾਲਾ ਵਿਅਕਤੀ ਆਪ ਮੁਹਾਰੇ ਹੀ ਅਸ਼-ਅਸ਼ ਕਰ ਉੱਠਦਾ ਹੈ | ਸ਼ਹੀਦਾਂ ਦੇ ਸਿਰਤਾਜ ਕੋਈ ਹੋਰ ਨਹੀਂ, ਬਲਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ, ਜਿਨਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੇ ਆਪ ਨੂੰ ਹੱਸ ਕੇ ਕੁਰਬਾਨ ਕਰ ਦਿੱਤਾ | ਉਸ ਸਮੇਂ ਦੇ ਕੱਟੜ ਮੁਗਲ ਬਾਦਸ਼ਾਹ ਜਹਾਂਗੀਰ ਦੀਆਂ ਜਾਲਿਮਾਨਾਂ ਨੀਤੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਬੇਹੱਦ ਕਹਿਰ ਢਾਇਆ | ਬੇਸ਼ੱਕ ਦੀਵਾਨ ਚੰਦੂ ਅਤੇ ਪਿ੍ਥੀ ਚੰਦ ਦਾ ਵੀ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿਚ ਬਹੁਤ ਵੱਡਾ ਹੱਥ ਰਿਹਾ ਹੈ, ਪਰ ਜਿਆਦਾ ਦੋਸ਼ ਜਹਾਂਗੀਰ ਦਾ ਹੀ ਪ੍ਰਗਟ ਹੁੰਦਾ ਹੈ, ਕਿਉਂਕਿ ਸੰਸਾਰ ਅੰਦਰ ਗੁਰੂ ਘਰ ਦੀ ਮਹਿਮਾ ਨੂੰ ਫੈਲਦਿਆਂ ਦੇਖ ਕੇ ਜਹਾਂਗੀਰ ਅੰਦਰ ਈਰਖਾ ਦੀਆਂ ਲਪਟਾਂ ਪੈਦਾ ਹੋ ਗਈਆਂ ਅਤੇ ਇਕ ਮਹਾਨ ਅਤੇ ਪਵਿੱਤਰ ਆਤਮਾ ਨੂੰ ਸ਼ਹੀਦ ਕਰ ਦਿੱਤਾ ਗਿਆ | ਜਹਾਂਗੀਰ ਦੇ ਉੱਤਰਾ ਅਧਿਕਾਰੀਆਂ ਨੇ ਅੱਗੇ ਜਾ ਕੇ ਛੋਟੇ-ਛੋਟੇ ਸਾਹਿਬਜਾਦਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ | ਉਹ ਇਸ ਗੱਲ ਤੋਂ ਬਿਲਕੁਲ ਅਨਜਾਣ ਸਨ ਕਿ ਸ਼ਹੀਦ ਹਰੇਕ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਕੌਮੀ ਆਦਰਸ਼ਾਂ ਲਈ ਦਿੱਤੀ ਗਈ ਸ਼ਹੀਦੀ ਕਦੇ ਵੀ ਵਿਅਰਥ ਨਹੀਂ ਜਾਂਦੀ | ਜਦੋਂ ਇਸ ਧਰਤੀ ਦੀ ਗੋਦ ਵਿਚ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ ਤਾਂ ਕੌਮਾਂ ਬਲਵਾਨ ਬਣਦੀਆਂ ਹਨ | ਸ਼ਹੀਦ ਸਦਾ ਹੀ ਜਿਉਂਦੇ ਰਹਿੰਦੇ ਹਨ | ਸਤਿਸੰਗ ਦੇ ਦੌਰਾਨ ਸਾਧਵੀ ਨਾਯਨਾ ਭਾਰਤੀ, ਸਾਧਵੀ ਪੁਸ਼ਪਮਾਲਾ ਭਾਰਤੀ ਨੇ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ |