ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਤਰਨ ਤਾਰਨ ਸਥਿਤ ਅਸਥਾਨ ਗੁਰਦੁਆਰਾ ਲਕੀਰ ਸਾਹਿਬ ਫਤਿਹਚੱਕ ਵਿਖੇ ਚੌਪਹਿਰਾ ਸਮਾਗਮ ਕਰਵਾਏ ਗਏ | ਇਨ੍ਹਾਂ ਚੌਪਹਿਰਾ ਸਮਾਗਮਾਂ ਮੌਕੇ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਵੱਖ-ਵੱਖ ਪਿੰਡਾਂ ਤੋਂ ਸ਼ਮੂਲੀਅਤ ਕਰਦੀਆਂ ਹਨ, ਜਿਸ ਵਿਚ ਬਾਣੀ ਦੇ ਜਾਪ ਅਤੇ ਕੀਰਤਨ ਹੁੰਦੇ ਹਨ | ਇਸ ਮੌਕੇ ਸੰਗਤਾਂ ਨੇ ਸੰਗਤੀ ਰੂਪ ਵਿਚ ਪੰਜ ਪਾਠ ਜਪੁਜੀ ਸਾਹਿਬ, ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਸੰਗਤੀ ਰੂਪ ਵਿਚ ਕੀਤਾ | ਉਪਰੰਤ ਵੱਖ-ਵੱਖ ਰਾਗੀ ਜਥਿਆਂ ਵਲੋਂ ਕੀਰਤਨ ਦੁਆਰਾ ਆਈ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਐਤਵਾਰ ਵਾਲੇ ਦਿਨ ਗੁਰਦੁਆਰਾ ਲਕੀਰ ਸਾਹਿਬ ਵਿਖੇ ਚੌਪਹਿਰਾ ਸਮਾਗਮ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੋ ਸੰਗਤਾਂ ਗੁਰਦੁਆਰਾ ਸ਼ਹੀਦ ਗੰਜ ਅੰਮਿ੍ਤਸਰ ਅਤੇ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਚੌਪਹਿਰਾ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਨਹੀਂ ਜਾ ਸਕਦੀਆਂ, ਉਹ ਹਰ ਐਤਵਾਰ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਵਿਖੇ ਹੁੰਦੇ ਚੌਪਹਿਰਾ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ |