ਤਰਨ ਤਾਰਨ, 1 ਜੂਨ (ਇਕਬਾਲ ਸਿੰਘ ਸੋਢੀ)-ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਾਲ੍ਹਾਂ ਕੱਢਣ ਤੇ ਉਸ ਦੀ ਕੁੱਟਮਾਰ ਕਰਨ 'ਤੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਰਬਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੱਥੂਪੁਰ ਨੇ ਦੱਸਿਆ ਕਿ ਸਾਡੇ ਪਿੰਡ ਨੱਥੂਪੁਰ ਦੇ ਗੁਰਦੁਆਰਾ ਸਾਹਿਬ ਦੀ ਲੋਹ ਦੇ ਨਾਂਅ 'ਤੇ ਪਿੰਡ ਧੱਤਲ ਵਿਖੇ 10 ਕਿੱਲੇ ਜ਼ਮੀਨ ਰਕਬਾ ਹੈ | ਉਸ ਨੇ ਦੱਸਿਆ ਕਿ ਜ਼ਮੀਨ ਦੀ ਬੋਲੀ ਦੌਰਾਨ ਦਾਰਾ ਸਿੰਘ ਪੁੱਤਰ ਕੇਹਰ ਸਿੰਘ, ਸ਼ਾਲੂ ਪੁੱਤਰ ਦਾਰਾ ਸਿੰਘ, ਨਿੰਦਰ ਸਿੰਘ ਪੁੱਤਰ ਮਲਾਗਰ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਮਿਲਖਾ ਸਿੰਘ ਸਾਰੇ ਵਾਸੀਆਨ ਨੱਥੂਪੁਰ ਨੇ ਉਸ ਨੂੰ ਗਾਲਾਂ ਕੱਢੀਆਂ ਅਤੇ ਦਾਰਾ ਸਿੰਘ ਨੇ ਉਸ ਨੂੰ ਦਾੜ੍ਹੀ ਤੋਂ ਫੜ੍ਹ ਕੇ ਜ਼ਮੀਨ 'ਤੇ ਸੁੱਟ ਲਿਆ ਤੇ ਬਾਕੀਆਂ ਵਿਅਕਤੀਆਂ ਨੇ ਵੀ ਉਸ ਦੀ ਕੁੱਟਮਾਰ ਕੀਤੀ | ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸਰਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ | ਇਸ ਮੌਕੇ ਏ.ਐੱਸ.ਆਈ. ਰਾਜਬੀਰ ਸਿੰਘ ਨੇ ਕਾਰਵਾਈ ਕਰਦਿਆਂ ਦਾਰਾ ਸਿੰਘ, ਸ਼ਾਲੂ, ਨਿੰਦਰ ਸਿੰਘ ਅਤੇ ਜਗਜੀਤ ਸਿੰਘ ਸਾਰੇ ਵਾਸੀਆਨ ਨੱਥੂਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |