ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਮੁੰਡਾਪਿੰਡ ਦੇ ਪੀੜਤਾਂ ਲਈ ਹਲਕਾ ਜਗਰਾਉਂ ਦੇ ਪਿੰਡ ਦੇਹੜਕਾ ਦੀ ਸੰਗਤ ਵਲੋਂ ਭੇਜੀ ਗਈ ਰਾਹਤ ਸਮੱਗਰੀ ਦਾ ਸਵਾਗਤ ਕਰਦਿਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਰਾਹਤ ਸਮੱਗਰੀ ਵਿੱਚ ਪਸ਼ੂਆਂ ਲਈ ਚਾਰਾ, ਤੂੜੀ ਅਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸ਼ਾਮਿਲ ਸੀ | ਇਸ ਮੌਕੇ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਹੋਏ ਭਾਰੀ ਨੁਕਸਾਨ 'ਤੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ | ਉਨ੍ਹਾਂ ਇਸ ਔਖੀ ਘੜੀ ਵਿਚ ਸੇਵਾ ਕਰ ਰਹੀਆਂ ਸਾਰੀਆਂ ਸਮਾਜਿਕ-ਸੇਵੀ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਾਰੀਆਂ ਸੰਸਥਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ | ਬ੍ਰਹਮਪੁਰਾ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਕਿ ਕੇਂਦਰ ਦੀਆਂ ਸਰਕਾਰਾਂ ਪੰਜਾਬ ਦੀ ਬਾਂਹ ਨਹੀਂ ਫੜ ਰਹੀਆਂ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਔਖੇ ਸਮੇਂ ਵਿਚੋਂ ਲੰਘ ਰਿਹਾ ਹੈ ਅਤੇ ਕੇਂਦਰ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ | ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸੇਵਾਦਾਰਾਂ ਵਲੋਂ ਭੇਜੀ ਗਈ ਇਹ ਰਾਹਤ ਸਮੱਗਰੀ ਅਸਲ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਪ੍ਰਬੰਧਕਾਂ ਦੀ ਸਭ ਤੋਂ ਵੱਡੀ ਜਿੰਮੇਵਾਰੀ ਹੈ, ਤਾਂ ਜੋ ਸੇਵਾ ਸਹੀ ਅਰਥਾਂ ਵਿਚ ਸਫ਼ਲ ਹੋ ਸਕੇ | ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਜਗਰੂਪ ਸਿੰਘ ਪੱਖੋਪੁਰ, ਮਨਜਿੰਦਰ ਸਿੰਘ ਲਾਟੀ, ਦਿਲਬਰ ਸਿੰਘ, ਗੁਰਦੇਵ ਸਿੰਘ ਸ਼ਬਦੀ, ਬਾਬਾ ਬਲਬੀਰ ਸਿੰਘ ਘੈਣਾ, ਕਰਿੰਦਰ ਸਿੰਘ ਚੋਹਲਾ ਖੁਰਦ, ਸਿਮਰਨਜੀਤ ਸਿੰਘ ਕਾਕੂ ਪੀਏ, ਸਤਨਾਮ ਸਿੰਘ ਬੱਲ ਘੜਕਾ, ਗੁਰਵਿੰਦਰ ਸਿੰਘ ਬੱਲ ਘੜਕਾ, ਕੁਲਜੀਤ ਸਿੰਘ ਮੁੰਡਾ ਪਿੰਡ, ਪਰਮਜੀਤ ਸਿੰਘ ਸਾਬਕਾ ਸਰਪੰਚ ਮੁੰਡਾ ਪਿੰਡ, ਨੰਬਰਦਾਰ ਲਾਲ ਸਿੰਘ ਮੁੰਡਾ ਪਿੰਡ, ਗੁਰਦੀਪ ਸਿੰਘ ਸਾਬਕਾ ਸਰਪੰਚ ਮੁੰਡਾ ਪਿੰਡ ਅਤੇ ਪਿੰਡ ਮੁੰਡਾ ਪਿੰਡ ਦੇ ਬਹੁਤ ਵਸਨੀਕ ਹਾਜ਼ਰ ਸਨ |