ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ, ਕਾਲੇਕੇ)-ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਆਰਜ਼ੀ ਰਾਹਤ ਕੈਂਪ ਖੋਲਿ੍ਹਆ, ਜਿੱਥੇ ਲੋਕਾਂ ਵਲੋਂ ਸੇਵਾ ਦੇ ਰੂਪ ਵਿਚ ਆਈ ਰਾਹਤ ਸਮੱਗਰੀ ਨੂੰ 30-35 ਕਿਲੋਮੀਟਰ ਦੇ ਦਾਇਰੇ ਤੱਕ ਲੋੜਵੰਦਾਂ ਵਿਚ ਵੰਡਿਆ ਜਾਵੇਗਾ | ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਬੰਨ 'ਤੇ ਮਿੱਟੀ ਪਾਉਣ ਦੀ ਸੇਵਾ ਲਈ, ਜੋ ਸੇਵਾਦਾਰ ਆਪਣੇ ਟਰੈਕਟਰ 'ਚ ਡੀਜ਼ਲ ਪਵਾਉਣ ਚਾਹੇ, ਤਾਂ ਉਸ ਨੂੰ ਇਸ ਰਾਹਤ ਕੈਂਪ ਵਿਚੋਂ ਡੀਜ਼ਲ ਪਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਰਾਹਤ ਕੈਂਪ ਤੋਂ ਨੇੜਲੇ ਪਿੰਡਾਂ ਦੇ ਵਿਚ, ਜਿਨ੍ਹਾਂ ਵੀ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆਂ ਲਈ ਚਾਰਾ ਤੇ ਫੀਡ ਆਦਿ ਦੀ ਜ਼ਰੂਰਤ ਹੋਵੇਗੀ, ਉਹ ਇਸ ਰਾਹਤ ਕੈਂਪ ਵਿਚੋਂ ਭੇਜਿਆ ਜਾਵੇਗਾ | ਭੁੱਲਰ ਨੇ ਦੱਸਿਆ ਕਿ ਇਸੇ ਰਾਹਤ ਕੈਂਪ ਵਿਚੋਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਸੇ ਰਾਹਤ ਕੈਂਪ ਵਿਚੋਂ ਨੇੜਲੇ ਇਲਾਕਿਆਂ ਵਿਚ ਲੰਗਰ ਪਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਰਾਹਤ ਕੈਂਪ 24 ਘੰਟੇ ਕੰਮ ਕਰੇਗਾ ਅਤੇ ਇਲਾਕਾ ਵਾਸੀਆਂ, ਲੋਕਾਂ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰੇਗਾ | ਭੁੱਲਰ ਨੇ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਕ ਟਰੱਕ ਰਾਸ਼ਨ, ਦੋ ਟਰੱਕ ਪਸ਼ੂਆਂ ਦਾ ਚਾਰਾ, ਇਕ ਟਰੱਕ ਕਰਿਆਨੇ ਦਾ ਸਮਾਨ, ਆਟਾ, ਦਾਲ, ਤੇਲ ਚਾਵਲ ਆਦਿ ਅਤੇ ਇਕ ਟਰੱਕ ਫੀਡ ਸੇਵਾ ਲੈ ਕੇ ਆਏ | ਉਨ੍ਹਾ ਕਿਹਾ ਕਿ ਇਹ ਰਾਹਤ ਕੈਂਪ ਦੀ ਸੇਵਾ 24 ਘੰਟੇ ਚੱਲੇਗੀ ਅਤੇ ਟੀਮ ਬਣਾ ਕੇ 8-8 ਘੰਟੇ ਕਰਕੇ ਵਾਰੀ ਵਾਰੋ-ਵਾਰੀ ਸੇਵਾ ਲਾਈ ਜਾਵੇਗੀ | ਉਨ੍ਹਾਂ ਕਿਹਾ ਕਿ ਹਰੀਕੇ ਤੋਂ ਘੜੁੰਮ, ਘੜੁੰਮ ਤੋਂ ਲੈ ਕੇ ਮੁੱਠੇਵਾਲ ਅਤੇ ਝੁੱਗੀਆਂ ਤੱਕ ਲਗਾਤਾਰ ਬੰਨ੍ਹ ਮਜ਼ਬੂਤ ਕਰਨ ਦੀ ਸੇਵਾ ਲਗਾਤਾਰ ਚਲਾਈ ਜਾਵੇਗੀ |