ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਹੜ੍ਹਾਂ ਦੇ ਮੌਜੂਦਾਂ ਸਮੇਂ ਦੌਰਾਨ ਅੱਜ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਅੰਦਰ ਲਗਭਗ 3 ਲੱਖ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜੋ ਕਿ ਮੋਜੂਦਾ ਸਮੇਂ ਦੌਰਾਨ ਹੜ੍ਹ ਦੇ ਪਾਣੀ ਦੀ ਸਭ ਤੋਂ ਵੱਧ ਮਾਤਰਾ ਹੈ | ਜਿਸ ਕਾਰਨ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਅੰਦਰ ਹੜ੍ਹ ਦੇ ਤੇਜ ਪਾਣੀ ਨੇ ਪਿੰਡ ਘੁੜੰਮ ਤੋਂ ਲੈ ਕੇ ਮੁੱਠਿਆਂਵਾਲਾ ਤੱਕ ਤਿੰਨ ਥਾਵਾਂ ਤੋਂ ਧੁੱਸੀ ਬੰਨ੍ਹ ਨੂੰ ਢਾਹ ਲਗਾਈ ਹੈ | ਜਿਸ ਨੂੰ ਸਥਾਨਿਕ ਇਲਾਕਾ ਨਿਵਾਸੀਆਂ ਅਤੇ ਕਾਰ ਸੇਵਾ ਸੰਪ੍ਰਦਾਵਾਂ ਸਮੇਤ ਦੂਰ-ਦਰਾਡੇ ਤੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਪੱਧਰ ਤੇ ਟਰੈਕਟਰ ਟਰਾਲੀਆਂ ਤੇ ਮਿੱਟੀ ਤੇ ਤੋੜਿਆਂ ਦੀ ਸੇਵਾ ਕਰਕੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਦਿਨ ਰਾਤ ਯਤਨ ਕਰ ਰਹੇ ਹਨ | ਪਿੰਡ ਘੰੜੁਮ ਨਜ਼ਦੀਕ ਜਿਸ ਜਗ੍ਹਾਂ ਤੋਂ ਸਾਲ 2023 ਦੇ ਹੜ੍ਹ ਦੌਰਾਨ ਧੁੱਸੀ ਬੰਨ੍ਹ ਟੁੱਟਿਆ ਸੀ, ਉਸ ਜਗ੍ਹ੍ਹਾ 'ਤੇ ਸਥਾਨਕ ਲੋਕਾਂ ਦੀ ਮਦਦ ਲਈ ਆਰਮੀ ਦੇ ਜਵਾਨਾਂ ਵਲੋਂ ਵੀ ਬੰਨ੍ਹ ਨੂੰ ਬਚਾਉਣ ਲਈ ਸੇਵਾਵਾਂ ਦਿੱਤੀਆ ਜਾ ਰਹੀਆ ਹਨ | ਮੌਕੇ 'ਤੇ ਆਰਮੀ ਮੈਡੀਕਲ ਕੋਰ ਦੇ ਜਵਾਨਾਂ ਵਲੋਂ ਮੈਡੀਕਲ ਸੇਵਾਵਾਂ ਲਈ ਦਵਾਈਆਂ ਤੇ ਐਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ | ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਹਰੀਕੇ ਅਤੇ ਹਲਕਾ ਪਟਵਾਰੀ ਅਤੇ ਬਿਜਲੀ ਬੋਰਡ ਦੇ ਐੱਸ.ਡੀ.ਓ. ਰਾਜਬੀਰ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਮੌਕੇ 'ਤੇ ਤਇਨਾਤ ਹਨ | ਹਰੀਕੇ ਪੱਤਣ ਤੋਂ ਡਾਉਨ ਸਟਰੀਮ ਵਿਚ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਰਕੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸ਼ਾਸਨ ਵਲੋਂ ਧੁੱਸੀ ਬੰਨ੍ਹ ਦੇ ਨਜਜ਼ਦੀਕ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ | ਪਿਛਲੇ 20 ਦਿਨਾਂ ਤੋਂ ਦਰਿਆ 'ਚ ਵਗਦੇ ਹੜ੍ਹ ਦੇ ਪਾਣੀ ਨਾਲ ਪਿੰਡ ਸਭਰਾ ਨਜ਼ਦੀਕ ਧੁੱਸੀ ਬੰਨ੍ਹ 'ਤੇ ਤਿੰਨ ਜਗ੍ਹਾ ਉਪਰ ਹੜ੍ਹ ਦੇ ਪਾਣੀ ਨੇ ਵੱਡੀ ਪੱਧਰ ਤੇ ਖੋਰਾ ਲਗਾ ਦਿੱਤਾ ਗਿਆ ਹੈ | ਉੱਥੇ ਪਿੰਡ ਕੋਟਬੁੱਢਾ ਤੋਂ ਲੈ ਕਿ ਪਿੰਡ ਮੁੱਠਿਆਂਵਾਲਾ ਦੇ ਗੁਰਦੁਆਰਾ ਗੁੱਪਤਸਰ ਸਾਹਿਬ ਤੱਕ ਤਿੰਨ ਤੋਂ ਚਾਰ ਥਾਵਾਂ ਤੇ ਧੁੱਸੀ ਬੰਨ੍ਹ ਟੁੱਟਣ ਦਾ ਖਤਰਾ ਮੰਡਰਾਅ ਰਿਹਾ ਹੈ ਪਰ ਸਥਾਨਕ ਲੋਕ ਕਾਰਸੇਵਾ ਦੇ ਰੂਪ ਵਿਚ ਇੱਕਠੇ ਹੋ ਕੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ | ਇਸ ਦੌਰਾਨ ਧੁੱਸੀ ਬੰਨ੍ਹ 'ਤੇ ਹੜ੍ਹ ਪ੍ਰਭਾਵਿਤ ਪਰਿਵਾਰ ਜੀਤ ਸਿੰਘ, ਮੰਗਲ ਸਿੰਘ, ਕਾਰਜ ਸਿੰਘ, ਕੁਲਬੀਰ ਸਿੰਘ ਪੱਤੀ ਭੁਰੇ ਅਤੇ ਪ੍ਰਗਟ ਸਿੰਘ ਪੱਤੀ ਝੰਡੇਕੇ ਵਾਸੀ ਪਿੰਡ ਸਭਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 20 ਦਿਨਾਂ ਤੋਂ ਹੜ੍ਹ ਦੇ ਪਾਣੀ ਦੀ ਲਪੇਟ ਆਉਣ ਕਰਕੇ ਸਮੁੱਚੇ ਪਰਿਵਾਰ ਸਮੇਤ ਧੁੱਸੀ ਬੰਨ੍ਹ 'ਤੇ ਰੈਣ ਬਸੇਰਾ ਕਰ ਰਹੇ ਹਨ ਅਤੇ ਉਨ੍ਹਾਂ ਕੋਲ 50ਦੇ ਕ੍ਰੀਬ ਪਸ਼ੂ ਹਨ, ਜਿਨ੍ਹਾਂ ਲਈ ਚਾਰਾ ਤੂੜੀ ਦਾ ਪ੍ਰਬੰਧ ਨਹੀਂ ਹੈ | ਉਨ੍ਹਾਂ ਦੇ ਰਿਹਾਇਸ਼ੀ ਘਰਾਂ ਅੰਦਰ ਕ੍ਰੀਬ 7-8 ਫੁੱਟ ਹੜ੍ਹ ਦਾ ਪਾਣੀ ਭਰ ਚੁੱਕਾ ਹੈ, ਜਿਸ ਕਰਕੇ ਉਨ੍ਹਾਂ ਦਾ ਘਰੇਲੂ ਸਮਾਨ ਹੜ੍ਹ ਦੀ ਪਾਣੀ ਨਾਲ ਖ਼ਰਾਬ ਹੋ ਗਿਆ ਹੈ | ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਅਤੇ ਬੋਰ ਅਤੇ ਮੋਟਰਾਂ ਲਗਪਗ ਖਤਮ ਹੋ ਚੁੱਕੀਆ ਹਨ | ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਹਰ ਇਕ ਪਰਿਵਾਰ ਦਾ ਲੱਖਾਂ ਰੁਪਏ ਮਾਲੀ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਉਨ੍ਹਾਂ ਨੂੰ ਭਵਿੱਖ ਦੀ ਚਿੰਤਾਂ ਸਤਾਉਣ ਲੱਗ ਪਈ ਹੈ | ਪੀੜਤ ਪਰਿਵਾਰਾਂ ਨੇ ਕਿਸਮਤ ਨੂੰ ੂ ਕੋਸਦਿਆਂ ਕਿਹਾ ਕਿ ਸਿਆਲ ਦੀ ਰੁੱਤ ਸਿਰ 'ਤੇ ਹੈ ਅਤੇ ਸਾਡੇ ਰਿਹਾਇਸ਼ੀ ਮਕਾਨ ਖ਼ਰਾਬ ਹੋ ਚੁੱਕੇ ਹਨ ਅਤੇ ਹੁਣ ਕਣਕ ਦੀ ਫ਼ਸਲ ਬੀਜਣ ਲਈ ਉਨ੍ਹਾਂ ਕੋਲ ਕੁਝ ਨਹੀਂ ਬਚਿਆ |