ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਦੇ 2 ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ | ਕਾਬੂ ਕੀਤੇ ਗਏ ਵਿਅਕਤੀਆਂ ਪਾਸੋਂ ਪੁਲਿਸ ਨੇ 2 ਪਿਸਟਲ 32 ਬੋਰ ਸਮੇਤ 2 ਮੈਗਜ਼ੀਨ, ਇਕ ਪਿਸਟਲ 30 ਬੋਰ ਸਮੇਤ 1 ਮੈਗਜੀਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ.ਸਿਟੀ ਜਗਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਰਵਜੋਤ ਗਰੇਵਾਲ ਵਲੋਂ ਫਿਰੌਤੀ ਦੇ ਕੇਸ ਨੂੰ ਹੱਲ ਕਰਨ ਲਈ ਐੱਸ.ਪੀ.(ਡੀ) ਰਿਪੁਤਾਪਨ ਸਿੰਘ ਦੀ ਅਗਵਾਈ ਵਿਚ ਮਾੜੇ ਅਨਸਰਾਂ 'ਤੇ ਕਾਬੂ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ | ਜਿਸ 'ਤੇ ਉਨ੍ਹਾਂ ਵਲੋਂ ਥਾਣਾ ਮੁਖੀ ਸਿਟੀ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਤਿਆਰ ਕਰਕੇ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਥਾਣਾ ਸਿਟੀ ਵਿਖੇ ਵਿਅਕਤੀ ਵਲੋਂ ਬਿਆਨ ਦਰਜ ਕਰਵਾਏ ਗਏ ਕਿ ਉਹ ਕੁਮਾਰ ਟਰੇਡਿੰਗ ਕਾਰਪੋਰੇਸ਼ਨ ਸਾਹਮਣੇ ਰੇਲਵੇ ਸਟੇਸ਼ਨ ਤਰਨ ਤਾਰਨ ਦੀ ਦੁਕਾਨ ਚਲਾਉਦਾ ਹੈ ਅਤੇ 13 ਸਤੰਬਰ ਨੂੰ ਉਸ ਦੇ ਮੋਬਾਇਲ ਤੇ ਵੱਟਸਐਪ ਪਰ ਅਣਪਛਾਤੇ ਵਿਦੇਸ਼ੀ ਨੰਬਰ ਤੋੋਂ ਵੱਸਟਐਪ ਕਾਲ ਆਇਆ ਕਿ ਗੋਲਡੀ ਢਿੱਲੋਂ ਬੋਲਦਾ ਹਾਂ ਮੈਨੂੰ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਗੋਲੀਆਂ ਮਾਰ ਦੇਵਾਂਗੇ, ਫਿਰ ਉਸਨੂੰ ਵਿਦੇਸ਼ੀ ਨੰਬਰ ਤੋਂ ਉਸਦੀ ਦੁਕਾਨ ਦੀ ਵੀਡੀਓ ਵੀ ਭੇਜੀ ਗਈ ਅਤੇ ਵਾਰ-ਵਾਰ ਫਿਰੌਤੀ ਦੀ ਮੰਗ ਕੀਤੀ ਗਈ | ਡੀ.ਐੱਸ.ਪੀ. ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਪੁਲਿਸ ਵਲੋਂ ਕੇਸ ਦਰਜ ਕਰਕੇ ਮੁਲਾਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ | ਤਰਨ ਤਾਰਨ ਪੁਲਿਸ ਵਲੋਂ ਹਿਊਮਨ ਇਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਮੁਲਜਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਤਹਿਤ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਸਿਟੀ ਤਰਨ ਤਾਰਨ ਏਰੀਏ ਵਿਚ ਮੌਜੂਦ ਸੀ ਕਿ ਤਕਨੀਕੀ ਇਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮਾਮਲੇ ਵਿਚ ਫਿਰੌਤੀ ਮੰਗਣ ਦੇ ਕੇਸ ਵਿਚ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਜਗਦੇਸ਼ ਸਿੰਘ ਵਾਸੀ ਮੁਗਲਚੱਕ ਗਿੱਲ ਥਾਣਾ ਸਿਟੀ ਤਰਨ ਤਾਰਨ ਅਤੇ ਸਰਵਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੈਰੋਵਾਲ ਥਾਣਾ ਸਿਟੀ ਤਰਨ ਤਾਰਨ ਜੋ ਇਸ ਸਮੇਂ ਸਿਟੀ ਏਰੀਏ ਵਿਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪੈਦਲ ਘੁੰਮ ਰਹੇ ਹਨ | ਜਿਸ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਗੁਰਦੁਆਰਾ ਟੱਕਰ ਸਾਹਿਬ ਰੋਡ ਨਜ਼ਦੀਕ ਤੋਂ ਯਾਦਵਿੰਦਰ ਸਿੰਘ ਉਰਫ ਯਾਦ ਅਤੇ ਸਰਵਨ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਮੁਲਾਜ਼ਮਾਂ ੇ ਮੁੱਦਈ ਦੀ ਰੈਕੀ ਕੀਤੀ ਸੀ ਅਤੇ ਉਸਦੀ ਦੁਕਾਨ ਦੀ ਵੀਡੀਓ ਬਣਾਕੇ ਵਿਦੇਸ਼ੀ ਗੈਂਗਸਟਰਾਂ ਨੂੰ ਭੇਜੀ ਸੀ | ਡੀ.ਐੱਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ |