ਤਰਨ ਤਾਰਨ, 2 ਨਵੰਬਰ (ਇਕਬਾਲ ਸਿੰਘ ਸੋਢੀ)- ਪੱਟੀ ਸਥਿਤ ਮੈਡੀਕਲ ਸਟੋਰ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਦਾਤਰ ਦੀ ਨੋਕ 'ਤੇ ਦੁਕਾਨ 'ਤੇ ਬੈਠੇ ਕਰਿੰਦੇ ਕੋਲੋਂ ਨਕਦੀ ਲੁੱਟ ਲਈ | ਇਸ ਸੰਬੰਧੀ ਥਾਣਾ ਪੱਟੀ ਵਿਖੇ ਮਾਮਲਾ ਦਰਜ ਕਰਕੇ ਉਕਤ ਲੁਟੇਰਿਆਂ ਵਿਚੋਂ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਦਰਜ ਕਰਵਾਈ ਬਿਆਨਾਂ ਵਿਚ ਸਾਹਿਲ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਵਾਰਡ ਨੰਬਰ 06 ਗਲੀ ਡਾਕਟਰ ਮਨਜੀਤ ਵਾਲੀ ਨੇੜੇ ਪਾਣੀ ਵਾਲੀ ਟੈਂਕੀ ਪੱਟੀ ਨੇ ਦੱਸਿਆ ਕਿ ਉਹ ਵਿਸ਼ਾਲ ਮੈਡੀਕੋਜ 'ਤੇ ਕੰਮ ਕਰਦਾ ਹੈ | ਮਿਤੀ 31 ਅਕਤੂਬਰ 2025 ਮੈਡੀਕਲ ਸਟੋਰ ਦਾ ਮਾਲਕ ਵਿਸ਼ਾਲ ਢੰਡ ਪੁੱਤਰ ਅਸ਼ੋਕ ਢੰਡ ਅਲਗੋਂ ਹਸਪਤਾਲ ਮਜੀਠਾ ਰੋਡ ਅੰਮਿ੍ਤਸਰ ਜ਼ਰੂਰੀ ਕੰਮ ਗਿਆ ਸੀ ਤੇ ਉਹ ਦੁਕਾਨ ਉੱਪਰ ਹਾਜਰ ਸੀ ਕਿ ਵਕਤ ਕਰੀਬ 9:15 ਰਾਤ ਦਾ ਹੋਵੇਗਾ ਕਿ ਮੈਂ ਮੈਡੀਕਲ ਸਟੋਰ ਬੰਦ ਕਰਨ ਲੱਗਾ ਇਕ ਪਾਸੇ ਦਾ ਸ਼ਟਰ ਬੰਦ ਕਰਕੇ ਦੂਸਰੇ ਪਾਸੇ ਦਾ ਸ਼ਟਰ ਬੰਦ ਕਰਨ ਲੱਗਾ ਤਾਂ 2 ਮੋਨੇ ਨੌਜਵਾਨ ਇਕ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੈਡੀਕਲ ਸਟੋਰ ਦੇ ਅੰਦਰ ਆਏ ਅਤੇ ਕਹਿਣ ਲੱਗੇ ਕਿ ਬੁਖਾਰ ਦੀ ਦਵਾਈ ਲੈਣੀ ਹੈ ਜਦ ਮੈਂ ਬੁਖਾਰ ਚੈੱਕ ਕਰਨ ਲੱਗਾ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਬਾਹਰੋਂ ਦਾਤਰ ਲਿਆ ਕੇ ਮੇਰੇ ਦੇ ਗਲੇ ਉੱਪਰ ਰੱਖ ਦਿੱਤਾ ਤੇ ਗੱਲੇ ਵਿਚੋਂ ਕਰੀਬ 5500 ਰੁਪਏ ਨਕਦੀ ਅਤੇ ਗੱਲੇ 'ਚ ਹੀ ਪਿਆ ਮੇਰਾ ਮੋਬਾਇਲ ਸੈਮਸੰਗ ਗਲੈਕਸੀ ਐਸ-9 ਪਲੱਸ ਸਮੇਤ ਵੀ ਕੱਢ ਕੇ ਲੈ ਗਏ | ਮੇਰੇ ਵਲੋਂ ਲੁੱਟ ਕੇ ਲੈ ਜਾਣ ਦਾ ਰੌਲਾ ਪਾਇਆ ਤਾਂ ਲੋਕਾਂ ਦੀ ਸਹਾਇਤਾ ਨਾਲ ਮਲਕੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਡਿਆਲ ਰਾਜਪੂਤਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨਾਲ ਆਏ ਦੋ ਹੋਰ ਵਿਅਕਤੀ ਫ਼ਰਾਰ ਹੋ ਗਏ | ਇਸ ਸੰਬੰਧੀ ਏ.ਐਸ.ਆਈ. ਰਵੀ ਸ਼ੰਕਰ ਨੇ ਮਾਮਲਾ ਦਰਜ ਕਰਦਿਆਂ ਫਰਾਰ ਹੋਏ ਮਲਕੀਤ ਸਿੰਘ ਦੇ ਸਾਥੀਆਂ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ |