ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)-ਇਕ ਤੇਜ਼ ਰਫਤਾਰ ਗੱਡੀ ਵਲੋਂ ਰਸਤੇ ਵਿਚ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀਆਂ ਔਰਤਾਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੂਸਰੀ ਔਰਤ ਗੰਭੀਰ ਜ਼ਖ਼ਮੀ ਹੋ ਗਈ | ਗੱਡੀ ਚਾਲਕ ਮੌਕੇ ਤੋਂ ਗੱਡੀ ਛੱਡ ਕੇ ਫ਼ਰਾਰ ਹੋ ਗਿਆ | ਇਸ ਮਾਮਲੇ ਵਿਚ ਥਾਣਾ ਵੈਰੋਂਵਾਲ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਹਰਪ੍ਰੀਤ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਮੀਆਂਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਪਤਨੀ ਅਮਨਜੀਤ ਕੌਰ ਤੇ ਸਾਡੇ ਘਰ ਕੰਮਕਾਰ ਕਰਦੀ ਮਨਦੀਪ ਕੌਰ ਪਤਨੀ ਸੰਦੀਪ ਸਿੰਘ ਵਾਸੀ ਮੀਆਂਵਿੰਡ ਘਰੇਲੂ ਸਮਾਨ ਖਰੀਦਣ ਲਈ ਖਲਚੀਆਂ ਗਈ ਤੇ ਸਮਾਨ ਖਰੀਦ ਕੇ ਵਾਪਿਸ ਪਿੰਡ ਨੂੰ ਆਪਣੀ ਐਕਟਿਵਾ ਨੰਬਰੀ ਪੀ.ਬੀ-47-ਐਫ-5517 'ਤੇ ਸਵਾਰ ਹੋ ਕੇ ਦੋਵੇਂ ਆ ਰਹੀਆਂ ਸੀ ਤਾਂ ਰਸਤੇ ਵਿਚ ਇਕ ਤੇਜ਼ ਰਫ਼ਤਾਰ ਗੱਡੀ ਨੰਬਰ ਪੀ.ਬੀ-10- ਈ.ਐਕਸ-2772, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ ਨੇ ਲਾਹਪ੍ਰਵਾਹੀ ਨਾਲ ਗਲਤ ਸਾਇਡ ਲਿਆ ਕੇ ਗੱਡੀ ਐਕਟਿਵਾ ਵਿਚ ਮਾਰ ਦਿੱਤੀ | ਮੇਰੀ ਪਤਨੀ ਅਮਨਜੀਤ ਕੌਰ ਤੇ ਮਨਦੀਪ ਕੌਰ ਦੇ ਗੰਭੀਰ ਸੱਟਾਂ ਲੱਗ ਗਈਆਂ | ਜਦੋਂ ਦੋਵਾਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਬਿਆਸ ਹਸਪਤਾਲ ਦਾਖਲ ਕਰਾਇਆ ਜਿੱਥੇ ਡਾਕਟਰਾਂਂਨੇ ਮੇਰੀ ਪਤਨੀ ਅਮਨਜੀਤ ਕੌਰ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਤੇ ਮਨਦੀਪ ਕੌਰ ਦੇ ਜਿਆਦਾ ਸੱਟਾਂ ਹੋਣ ਕਰਕੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਰੈਫਰ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਕਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |