ਗੋਇੰਦਵਾਲ ਸਾਹਿਬ, 7 ਦਸੰਬਰ (ਸਕੱਤਰ ਸਿੰਘ ਅਟਵਾਲ)ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਸੱਤਾਧਾਰੀ ਪਾਰਟੀ ਨੇ ਜਬਰੀ ਨਾਮਜ਼ਦਗੀ ਫਾਈਲਾਂ ਖੋਹ ਕੇ ਪਾੜਨ ਅਤੇ ਜਮ੍ਹਾਂ ਕੀਤੀਆਂ ਫਾਈਲਾਂ ਨੂੰ ਰੱਦ ਕਰਨ ਦੇ ਦੋਸ਼ ਲਾਉਂਦੇ ਹੋਏ ਜ਼ੋਨ ਗੋਇੰਦਵਾਲ ਸਾਹਿਬ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਯੂਥ ਸਕੱਤਰ ਹਰਪ੍ਰੀਤ ਸਿੰਘ ਮਿੰਨਾ ਨੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕਰਦਿਆਂ ਆਖਿਆ ਕਿ ਸੂਬੇ ਦੀ 'ਆਪ' ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹਥਿਆਉਣ ਦੀ ਮਨਸ਼ਾ ਨਾਲ ਲੋਕਤੰਤਰ ਦਾ ਘਾਣ ਕਰਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਹਨ | ਔਲਖ ਨੇ ਕਿਹਾ ਕੇ ਪੰਜਾਬ ਸਰਕਾਰ ਆਪਣੀ ਹਾਰ ਦੀ ਬੁਖਲਾਹਟ ਨੂੰ ਦੇਖਦੇ ਹੋਏ ਮਨੀਸ਼ ਸਿਸੋਦੀਆ ਦੇ ਬਿਆਨ ਸ਼ਾਮ, ਦਾਮ ਡੰਡ, ਭੇਦ 'ਤੇ ਚੱਲ ਰਹੀ ਹੈ | ਉਹ ਚੋਣ ਜਿੱਤਣ ਲਈ ਹਰ ਹੀਲਾ ਅਪਨਾ ਰਹੀ ਹੈ, ਜਿਸ ਵਿਚ ਪੰਜਾਬ ਪੁਲਿਸ ਵੀ ਇਨ੍ਹਾਂ ਦੇ ਨਾਲ ਮੋਢਾ ਲਾ ਕੇ ਸਾਥ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂਅ 'ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਲੋਕਤੰਤਰ ਹਰ ਅਵਾਜ ਨੂੰ ਦਬਾਅ ਰਹੀ ਹੈ | ਤਰਨ ਤਾਰਨ 'ਚ 'ਆਪ' ਵਿਧਾਇਕ ਨੇ ਵਰਕਰਾਂ ਵਲੋਂ ਔਰਤਾਂ ਕੋਲੋਂ ਵੀ ਫਾਇਲਾਂ ਖੋਹ ਕੇ ਪਾੜੀਆਂ ਗਈਆਂ | ਹਲਕਾ ਤਰਨ ਤਾਰਨ ਨਹੀਂ, ਪੂਰੇ ਪੰਜਾਬ 'ਚ ਸਰਕਾਰ ਸ਼੍ਰੋਮਣੀ ਅਕਾਲ ਦਲ ਅਤੇ ਹੋਰ ਰਾਜਨੀਤਿਕ ਪਾਰਟੀ ਦੀਆਂ ਫਾਇਲਾਂ ਰੱਦ ਕਰਕੇ ਆਪਣੇ ਉਮੀਦਵਾਰਾਂ ਨੂੰ ਜਿਤਾ ਰਹੀ ਹੈ | ਇਸ ਮੌਕੇ ਜਥੇਦਾਰ ਪ੍ਰੇਮ ਸਿੰਘ ਪੰਨੂੰ, ਮੈਂਬਰ ਹਰਦੀਪ ਸਿੰਘ ਖੱਖ, ਨੰਬਰਦਾਰ ਅਮਰਜੀਤ ਸਿੰਘ, ਬਲਵਿੰਦਰ ਸਿੰਘ ਸਾਬਕਾ ਮੈਂਬਰ ਸੰਮਤੀ, ਕੈਪਟਨ ਸੁੱਚਾ ਸਿੰਘ, ਸਾਬਕਾ ਏ.ਐਸ.ਆਈ. ਮੋਹਨ ਸਿਘ ਰਠੌਰ, ਸਾਬਕਾ ਪੰਚ ਸ਼ੇਰ ਸਿੰਘ, ਸੁਰਜਨ ਸਿੰਘ ਲਾਹੌਰੀਆ, ਸਾਬਕਾ ਏ.ਐਸ.ਆਈ. ਤਰਸੇਮ ਸਿੰਘ ਬਾਜਵਾ, ਬਲਕਾਰ ਸਿੰਘ ਬਾਰਾ, ਰਣਜੀਤ ਸਿੰਘ ਭੱਠਲ, ਪੰਜਾਬੀ ਲੋਕ ਗਾਇਕ ਜਗਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |
'ਆਪ' ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ- ਔਲਖ <br/>
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਸਾਥੀ | ਤਸਵੀਰ: ਅਟਵਾਲ<br/>
08-12-2025