ਗੋਇੰਦਵਾਲ ਸਾਹਿਬ, 7 ਦਸੰਬਰ (ਸਕੱਤਰ ਸਿੰਘ ਅਟਵਾਲ)-ਪੰਜਾਬ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਇਸ ਵਾਰ ਧੱਕੇਸ਼ਾਹੀਆਂ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਲੋਕਾਂ ਨੂੰ ਚੋਣਾਂ ਵਿਚ ਖੜੇ ਹੋਣ ਤੋਂ ਰੋਕਣ ਲਈ ਹਰੇਕ ਗਲਤ ਹੱਥਕੰਡਾ ਵਰਤਿਆ ਗਿਆ ਹੈ | ਇਸ ਲਈ ਬੀ.ਡੀ.ਪੀ.ਓ. ਅਤੇ ਪੰਚਾਇਤ ਵਿਭਾਗ ਨੇ ਪਹਿਲਾਂ ਲੋਕਾਂ ਨੂੰ ਐਨ.ਓ.ਸੀ. ਦੇਣ ਤੋਂ ਆਨਾਕਾਨੀ ਕੀਤੀ ਅਤੇ ਫਿਰ ਉਮੀਦਵਾਰਾਂ ਪਾਸੋਂ ਕਾਗਜ਼ ਖੋਹੇ ਗਏ, ਪਾੜ ਦਿੱਤੇ ਗਏ, ਉਮੀਦਵਾਰਾਂ ਦੀ ਕੁੱਟਮਾਰ ਕੀਤੀ ਗਈ | ਇਸ ਤੋਂ ਬਾਅਦ ਵੀ ਵੱਡੀ ਪੱਧਰ 'ਤੇ ਸਾਰੀਆਂ ਪਾਰਟੀਆਂ ਦੇ ਬਹੁਤੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ 'ਆਪ' ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਬਣਾਏ ਗਏ | ਇਹ ਗਲਤ ਵਰਤਾਰੇ ਨੇ ਜਿੱਥੇ ਲੋਕਾਂ ਦੇ ਚੋਣਾਂ ਲੜਨ ਦੇ ਹੱਕ ਕੁਚਲੇ ਹਨ, ਉੱਥੇ ਲੋਕਤੰਤਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਰੱਖ ਦਿੱਤਾ ਹੈ | ਸ਼ਾਇਦ 'ਆਪ' ਵਾਲਿਆਂ ਨੂੰ ਪਤਾ ਸੀ ਕਿ ਚੋਣਾਂ ਲੜ ਕੇ ਉਨ੍ਹਾਂ ਦੇ ਉਮੀਦਵਾਰ ਜਿੱਤਣੇ ਮੁਸ਼ਕਿਲ ਹਨ | ਇਹ ਸ਼ਬਦ ਭਾਜਪਾ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਹੋਰ ਕਿਹਾ ਕਿ ਸਭ ਤੋਂ ਮੰਦਭਾਗਾ ਰੋਲ ਪੰਜਾਬ ਪੁਲਿਸ ਦਾ ਰਿਹਾ, ਜਿੰਨਾਂ ਨੇ ਸੰਵਿਧਾਨ ਅਤੇ ਲੋਕਾਂ ਲਈ ਡਿਊਟੀ ਕਰਨ ਦੀ ਥਾਂ ਸਿਆਸੀ ਆਗੂਆਂ ਦੇ ਹੁਕਮ ਮੰਨ ਕੇ ਲੋਕਾਂ ਨਾਲ ਧੱਕੇਸ਼ਾਹੀ ਕਰਵਾਈ ਅਤੇ ਚੋਣ ਅਧਿਕਾਰੀਆਂ ਦੀ ਭੂਮਿਕਾ ਵੀ ਮੰਦਭਾਗੀ ਰਹੀ | ਉਨ੍ਹਾਂ ਕਿਹਾ ਕਿ ਅਜਿਹੀ ਪਿਰਤ ਅੱਗੇ ਚੱਲ ਕੇ ਪੰਜਾਬ ਦਾ ਮਹੌਲ ਖਰਾਬ ਕਰੇਗੀ ਅਤੇ ਲੋਕਾਂ ਵਿਚੋਂ ਕਨੂੰਨ ਅਤੇ ਲੋਕਤੰਤਰ ਵਿਚ ਵਿਸ਼ਵਾਸ ਖ਼ਤਮ ਹੋਵੇਗਾ | ਇਸ ਮੌਕੇ ਅਮਰਪਾਲ ਸਿੰਘ ਖਹਿਰਾ ਨਾਲ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਖਡੂਰ ਸਾਹਿਬ, ਕਿਸਾਨ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਐਸ.ਸੀ. ਮੋਰਚਾ ਦੇ ਸਕੱਤਰ ਸਤਨਾਮ ਸਿੰਘ ਫਤਿਆਬਾਦ, ਗੁਰਦੀਪਕ ਸਿੰਘ ਪੱਟੀ, ਜ਼ਿਲ੍ਹਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ, ਹਰਜੀਤ ਸਿੰਘ ਫਿਰੋਜ਼ਪੁਰੀਆ, ਅਜੇ ਕੁਮਾਰ ਬਾਵਾ ਆਦਿ ਮੌਜੂਦ ਸਨ |
ਜ਼ਿਲਾ ਪ੍ਰੀਸ਼ਦ, ਸੰਮਤੀ ਚੋਣਾਂ 'ਚ ਧੱਕੇਸ਼ਾਹੀਆਂ ਕਾਰਨ ਲੋਕਤੰਤਰ ਦਾ ਹੋਇਆ ਘਾਣ- ਖਹਿਰਾ <br/>
ਅਜੀਤ ਡੈਸਕ
08-12-2025